ਗੁਜਰਾਤ ਦੀਆਂ ਸੁੱਤੀਆਂ ਗਲੀਆਂ ਦੇ ਅੰਦਰ
ਕੱਚਿਆਂ ਘਰਾਂ ਦੇ ਬੂਹਿਆਂ ਦੇ ਅੱਗੇ
ਮੁੱਢ ਕਦੀਮੀ ਕੰਨਸੋਅ ਕੋਈ ਆਉਂਦੀ
ਝੁਲਦਿਆਂ ਹਨੇਰਿਆਂ 'ਚ ਵਿੰਗ ਵਲ ਖਾਂਦੀਆਂ
ਸਦੀਆਂ ਦੀਆਂ ਪੌੜੀਆਂ ਤੋਂ
ਪੋਲੇ ਪੋਲੇ ਉਤਰਦੇ
ਕਿਸੇ ਖ਼ਿਆਲ ਦੇ ਪੈਰਾਂ ਦੀ ਚਾਪ ਜਿਉਂ।
ਕੰਨਸੋਅ ਦੇ ਥਰਕਦੇ ਜੋਬਨ 'ਤੇ
ਝਨਾਂ ਦੀਆਂ ਡੂੰਘਿਆਂ ਵਹਿਣਾਂ ਦੇ ਖ਼ਾਬ
ਕਿਸੇ ਰਮਜ਼ ਦੀ ਰੌਸ਼ਨੀ ਪਾਉਂਦੇ,
ਇਸ਼ਕ ਦੇ ਅਰੂਪ ਪਰਦਿਆਂ ਓਹਲੇ
ਚੜ੍ਹਦੀਆਂ ਕਾਂਗਾਂ ਦੇ ਖੰਭਾਂ 'ਤੇ ਬੈਠ ਕੇ
ਸੋਹਣੀ ਦੇ ਚਮਕਦੇ ਅਸਮਾਨਾਂ ਵਿਚ
ਖਿਲਰੇ ਤਾਜਾਂ ਨੂੰ ਵੇਖਦੇ
ਜਿੱਥੇ ਹਰ ਅਸਮਾਨ
ਖੰਭ ਹੈ ਨਵੇਂ ਅਸਮਾਨ ਦਾ।
ਕੰਨਸੋਅ ਦੇ ਮਹੀਨ ਬਦਨ ਦੇ ਅੰਦਰ
ਅੱਧੀ ਰਾਤ ਸੋਹਣੀ ਦੇ ਮਲੂਕ ਪ੍ਰਛਾਵੇਂ ਨੂੰ
ਸੈਆਂ ਦਰਿਆਵਾਂ ਪਛਾਣਿਆਂ ਆ ਕੇ
ਤੇ ਲੱਖਾਂ ਸਾਲਾਂ ਦਾ ਰੰਗ ਚੜਿਆ
ਸੋਹਣੀ ਵਲ ਅੱਥਰੀ ਕਾਂਗ ਜਿਉਂ ਉਮ੍ਹਲਿਆ।
ਅਸਮਾਨ ਦੀਆਂ ਅੱਖਾਂ ਨੇ ਦੂਰ ਤੋਂ
ਸਾਰੀ ਧਰਤੀ 'ਚ ਸੋਹਣੀ ਦੇ ਜਿਸਮ ਨੂੰ ਵੇਖਿਆ।
ਝਨਾਂ ਦੇ ਇਕ ਇਕ ਵੇਸ 'ਤੇ
ਇਕ ਇਕ ਤਾਲ 'ਤੇ
ਸੋਹਣੀ ਦੇ ਬੁੱਤ ਦੀ ਚਾਂਦਨੀ ਵਿਛਦੀ,
ਜਿਵੇਂ ਇਸਰਾਈਲ ਦੇ ਪਰਬਤਾਂ ਦੀਵਾਰਾਂ 'ਤੇ
ਪੈਗ਼ੰਬਰਾਂ ਦੇ ਮੁਬਾਰਿਕ ਕਦਮ ਹੀ ਉਠਦਿਆਂ
ਅੰਗੂਰ ਦੀਆਂ ਵੇਲਾਂ ਦਾ ਹੱਲ ਕੇ ਉਲਰਣਾ।
ਭਰੇ ਨੈਣਾਂ ਦੇ ਨਾਲ ਆਖ਼ਰੀ ਵਾਰੀ
ਸੋਹਣੀ ਨੇ ਵੇਖਿਆ
ਗੁਜਰਾਤ ਦੀਆਂ ਸੁੱਤੀਆਂ ਗਲੀਆਂ ਨੂੰ—
ਬਦਲ ਬਦਲ ਵਹਿਣਾਂ ਜਿਉਂ ਚੜ੍ਹਦੀ
ਸੋਹਣੀ ਦੀ ਰੰਗਲੀ ਚੋਲੀ;
ਡੂੰਘੀਆਂ ਰਾਤਾਂ 'ਚ ਸੁੱਤੀਆਂ ਫ਼ਜਰਾਂ ਨੂੰ
ਮੁੜ ਮੁੜ ਜਗਾਂਵਦੀ ਚੱਲੀ;
ਤਾਰਿਆਂ ਨੂੰ ਛੋਂਹਦੀਆਂ ਪੌਣਾਂ ਦੀ
ਜੁਆਨੀ ਨੇ ਕਹਿਰਾਂ ਦਾ ਜ਼ੋਰ ਘੱਤਿਆ !
ਸੋਹਣੀ ਸਖੀ ਅੱਜ ਪਿਆਰੀ
ਲੰਘੇ ਤੇ ਆਉਣ ਵਾਲੇ ਸਮਿਆਂ ਦੇ ਵਸਲਾਂ ਨੂੰ
ਲੰਘੇ ਤੇ ਆਉਣ ਵਾਲੇ ਸਮਿਆਂ ਦੇ ਹਿਜਰਾਂ ਨੂੰ
ਰੋ ਰੋ ਹੱਸ ਹੱਸ ਮਿਲਾਂਵਦੀ
ਨਵੀਆਂ ਹੀ ਸਿਖਰਾਂ 'ਤੇ।
ਪਾਰੇ ਦੀ ਅਤਿ ਮਹੀਨ ਕਿਰਨ ਤੋਂ ਪਿਆਸੀ
ਸੋਹਣੀ ਦੇ ਰੂਪ ਦੀ ਬਿਜਲੀ
ਝਨਾਂ ਦੀ ਕੁੱਲ ਪਿਆਸ ਤੋਂ ਨਿਰਮਲ ਜੋ
ਕੱਚਿਆਂ ਘਰਾਂ ਦੇ ਬੂਹਿਆਂ ਨੂੰ ਚੁੰਮ੍ਹਦੀ, ਪਲੋਸਦੀ।
ਸੋਹਣੀ ਦੇ ਨੈਣਾਂ ਦੀ
ਸ਼ਬਨਮ ਜੇਹੀ ਡਲ੍ਹਕਦੀ ਚੁੱਪ ਨਾਂਹ ਦੱਸਦੀ
(ਉਂਝ ਰਾਹ ਸਭ ਤੱਕਦੀ ਰਸਿਕ ਵੈਰਾਗ ਦੇ)
ਕਿ ਕੁੱਲ ਸਮਾਂ ਨਜ਼ਰ ਪਿਆ ਆਵੇ
ਕਿਹੜੇ ਮੁਕਾਮ ਤੋਂ ?
ਝਨਾਂ ਦੀਆਂ ਕਿਹੜੀਆਂ ਲਹਿਰਾਂ ਮਹਿਮਾਨ ਨੇ ਏਥੇ ?
ਧਰਤੀ ਦਾ ਮੋਹ ਕਿਸ ਅਬੋਲ ਵੇਦਨਾ 'ਚ ਕੰਬਦਾ ?
ਕਿਸ ਜੁਗ ਵਿਚ ਡਲ੍ਹਕ ਕੇ ਅੰਬਰ ਆਏ ਨੇ ਏਥੇ ?
ਹੁਸਨ ਦਾ ਨੇਮ ਕਿਹੜਾ
ਸਫ਼ਰ ਝਾਗ ਕੇ ਆਇਆ ਦੁਰੇਡੇ
ਕਿਸੇ ਨਕਸ਼, ਸਮੇਂ ਜਾਂ ਖ਼ਿਆਲ ਨੂੰ ਲੰਘ ਕੇ ?
ਗੁਜਰਾਤ ਦੀਆਂ ਪੌਣਾਂ ਨੂੰ ਮਿਲਦੀ ਤੇ ਵਿਛੜਦੀ
ਸੋਹਣੀ ਦੇ ਬੁੱਤ ਦੀ
ਵਣਾਂ ਦੀ ਛਾਂ ਤੋਂ ਵੀ ਸੰਘਣੀ ਛਾਂ ਨੂੰ
ਬਾਬਲ ਦੇ ਰੁੱਖਾਂ ਦੀਆਂ ਛਾਵਾਂ
ਦੂਰ ਤਕ ਪਿਆਰ ਦੇਣ ਲਈ ਆਈਆਂ।
ਪਿੱਛੇ ਗੁਜਰਾਤ ਦੀਆਂ ਗਲੀਆਂ ਵਿਹੜਿਆਂ ਉੱਤੇ
ਤਾਰਿਆਂ ਦੀ ਝਿੰਮ ਝਿੰਮ ਤੋਂ ਸੱਖਣੀ
ਮਜ਼ਾਰਾਂ ਦੀ ਚੁੱਪ ਛਾਈ;
ਕਰ ਰਿਹਾ ਇਸ ਸੁੰਞ ਨੂੰ ਹੋਰ ਵੀ ਡੂੰਘਾ
ਕਿਸੇ ਛਾਲੇ ਛਾਲੇ ਹੋਏ ਉਜੜੇ ਫ਼ਕੀਰ ਦਾ ਝੌਲਾ,
ਵੇਖਿਆ ਆ ਸੱਖਣੀ ਰਾਤ ਨੇ
ਕਿਧਰੋਂ ਆ ਬਲਖ-ਬੁਖਾਰੇ ਦਾ ਹੌਕਾ
ਖਿਜ਼ਾਵਾਂ ਦੀ ਮਾਰ ਕੇ ਮਗਰੀ
ਥਲਾਂ ਦਾ ਝੰਬਿਆ ਅਜਨਬੀ ਇਕੱਲਾ
ਗੁਜਰਾਤ ਦੀਆਂ ਗਲੀਆਂ 'ਚ ਪਾਂਵਦਾ ਫੇਰੀ,
ਸੁੰਞਾਂ ਹੀ ਸੁੰਞਾਂ ਵੇਖਦਾ,
ਆਪਣੇ ਹਰ ਕਦਮ ਨਾਲ
ਘਰਾਂ ਤੇ ਵਿਹੜਿਆਂ ਦੀਆਂ ਬੇਆਸਰਾ ਇਕੱਲਾਂ ਨੂੰ
ਬੀਆਬਾਨਾਂ ਤੋਂ ਲੰਮੀਆਂ ਕਰਦਾ
ਮਜ਼ਾਰਾਂ ਦੀ ਚੁੱਪ ਵਿਚ ਡੂੰਘਾ ਉਤਰਦਾ ਜਾਂਦਾ।
ਵਸਲ ਦੇ ਪਰਬਤ ਦੀਆਂ ਚੋਟੀਆਂ 'ਤੇ ਬਲਦੀਆਂ
ਤਾਰਿਆਂ ਦੀਆਂ ਵਿੰਗ ਵਲ ਖਾਂਦੀਆਂ
ਲੰਮੀਆਂ ਕਤਾਰਾਂ ਨੂੰ
ਸੋਹਣੀ ਨੇ ਨਜ਼ਰ ਭਰ ਵੇਖਿਆ।
ਝਨਾਂ ਦੇ ਬੇਲਿਆਂ ਤੋਂ 'ਵਾਜ ਕੋਈ ਸੁਣਦੀ
ਸਾਰੀ ਧਰਤ ਹੀ ਸੋਹਣੀ ਨੂੰ ਮਿਲਣ ਲਈ ਆਉਂਦੀ।
ਸੋਹਣੀ ਦੇ ਕਦਮਾਂ ਦੇ ਤਾਲ ਵਿਚ
ਝਨਾਂ ਦੇ ਵਹਿਣ ਮੁੜ ਮੁੜ ਪੈਲ ਕੋਈ ਪਾਉਂਦੇ !
ਭੈਅ ਦੀ ਪਤਲੀ ਤਰੰਗ 'ਤੇ
ਨੈਂ ਦਿਆਂ ਡੂੰਘਿਆਂ ਵਹਿਣਾਂ ਦਾ ਹੁਸਨ ਚਿਲਕੋਰਦਾ।
ਸੋਹਣੀ ਦੇ ਪਤਲਿਆਂ ਅੰਗਾਂ 'ਤੇ
ਪੂਰੇ ਦੀਆਂ ਵਗਦੀਆਂ ਪੌਣਾਂ ਦਾ ਭਾਰ ਪੈਂਦਾ।
ਦੱਸ ਨੀ ਨਾਰ ਨਵੇਲੀਏ
ਪਰੀਆਂ ਦੇ ਕਿਹੜੇ ਖੂਹ ਤੋਂ
ਤੂੰ ਅਕਾਸ਼ ਦੇ ਅੰਮ੍ਰਿਤ-ਘੜੇ ਨੂੰ ਚਾਇਆ,
ਜੋ ਵਗਦੀਆਂ ਪੌਣਾਂ 'ਤੇ ਡੁਲ੍ਹਦਾ, ਛਲਕਦਾ ਜਾਂਦਾ,
ਤੇਰਾ ਲੱਕ ਵਲ ਖਾਂਦਾ ਨਾਜ਼ਕ ਜੁਆਨੀਏ ।
ਸੁੱਤੇ ਭੈਅ ਮਜ਼ਾਰਾਂ ਦੇ ਜਾਗ ਕੇ
ਨਾਗ ਵਾਂਗ ਸ਼ੂਕਦੇ, ਤਿਲਕਦੇ,
ਪੂਰੇ ਦੀਆਂ ਪੌਣਾਂ 'ਚ ਫਣ ਫੈਲਾਉਂਦੇ
ਸੋਹਣੀ ਦੇ ਰਾਹ ਨੂੰ ਡੱਕਦੇ,
ਮੁੜਦੇ ਨ ਹੱਟਦੇ !
ਪਰ ਪਤਾ ਨਹੀਂ ਕਿਹੜੀ ਕੁੰਟ ਚੋਂ ਹੰਝੂ ਉਮ੍ਹਲਦੇ
ਰੋ ਰੋ ਸਿਕ ਸਿਕ ਸੋਹਣੀ ਦੇ ਪੈਰਾਂ ਨੂੰ ਚੁੰਮਦੇ-
ਸੋਹਣੀ ਦੇ ਇਕ ਇਕ ਕਦਮ ਨਾਲ
ਹਜ਼ਾਰਾਂ ਸਾਲ ਉਹ ਦੁਖੀਆਂ ਦੇ ਬੀਤਦੇ।
ਧਰਤੀ ਨੇ 'ਵਾਜ ਮਾਰੀ
ਤੁਰ ਗਿਆਂ ਚਾਕਾਂ ਨੂੰ,
ਦੱਸੋ ਨ ਤੁਰ ਗਿਆਂ ਰਾਹੀਆਂ ਨੂੰ
ਕੌਣ ਵਾਸਤੇ ਪਾਉਂਦਾ ?
ਮੋਰ ਕੂਕਦੇ ਝਨਾਂ ਦਿਆਂ ਬੋਲਿਆਂ ਅੰਦਰ,
ਦਰਿਆ ਦੀਆਂ ਲਹਿਰਾਂ ਨੂੰ
ਸਮਾਂ ਮਿਲਿਆ ਜਿਉਂ ਆਖ਼ਰੀ ਵਾਰੀ।
ਅੱਜ ਖ਼ਾਕ ਨੂੰ ਹਸਰਤ
ਅਸਮਾਨ ਤਕ ਬੋਲਣ ਦੀ,
ਅੱਜ ਦੀ ਰਾਤ ਧਰਤੀ ਤਾਰਿਆਂ ਤੀਕਨ
ਸੋਹਣੀ ਨੂੰ ਵੇਖਣਾ ਲੋਚੇ।
ਝਨਾਂ ਦੀਆਂ ਅਨੰਤ ਲਹਿਰਾਂ 'ਚ ਬੁੱਤ ਇੱਕੋ !
ਜਦ ਸਮਾਂ ਮੁੱਕਦਾ
ਆਖ਼ਰੀ ਸਫ਼ਰ ਦੀ ਮੰਜ਼ਿਲ 'ਤੇ
ਤਾਂ ਨਾਬੂਦ ਦੇ ਧੂੜ ਤੋਂ ਸੱਖਣੇ ਥਲਾਂ ਵਿਚ
ਹੁਸਨ ਦਾ ਬੁੱਤ ਇੱਕੋ !
ਹੋਰ ਕੁਝ ਵੀ ਨਾਂਹ !
ਸੋਹਣੀ ਦੇ ਹਰ ਇਕ ਤਾਲ ਨੂੰ
ਭੈਅ ਵਿਚ ਆਖ਼ਰੀ ਵਾਰੀ
ਝਨਾਂ ਦੀਆਂ ਲਹਿਰਾਂ ਨੇ ਥੰਮ੍ਹਿਆਂ;
ਪਰ ਮੌਤ ਦੇ ਸੱਖਣੇ ਅਸਗਾਹ ਵਿਚ
ਸੋਹਣੀ ਦੇ ਨੈਣਾਂ ਦੀਆਂ ਰਮਜ਼ਾਂ ਦਾ
ਅਸਮਾਨ ਦੇ ਕੁੱਲ ਪੈਂਡਿਆਂ ਤੋਂ ਸੋਹਣਾ
ਹਾਰ ਇਲਾਹੀ ਝਨਾਂ ਨੂੰ ਪਿਆਰਾ
ਨੂਰੋ ਨੂਰ ਇਸ਼ਕ ਦੇ ਗਲ ਵਿਚ ਪਾਉਣ ਲਈ,
ਵਜਦ ਦੀ ਤਿੱਖੀ ਵੰਗਾਰ ਉਤਰਦੀ ਜਾਂਦੀ
ਹੁਸਨ ਦੇ ਖ਼ਿਆਲ ਨੂੰ ਬੇਨਜ਼ੀਰ ਬਣਾਉਣ ਲਈ।
ਸ਼ਹਾਦਤ ਦੀ ਸਿਖਰ ਤੋਂ
ਇਕ ਗੁਮਨਾਮ ਜੇਹੀ ਹੇਕ ਸੁਣਦੀ
ਜੋ ਪੱਤਣਾਂ, ਬੇਲਿਆਂ, ਦੂਰ ਦੀਆਂ ਝੋਕਾਂ ਵਿਚ
ਸੋਹਣੀ ਦੇ ਤੁਰਨ ਤੋਂ ਸਦੀਆਂ ਪਿੱਛੋਂ ਦਾ
ਇਕ ਮਿੱਠਾ ਜੇਹਾ ਸੁਆਦ ਲਿਆਉਂਦੀ।
ਧੀਮੀ ਝਿੱਕੀ ਧਰਤ ਦੇ ਕੰਨਾਂ ਨੂੰ ਲੱਗਦੀ
ਧੂਹ ਪਾਉਂਦੀ
ਪਤਲੀ ਬਰੀਕ ਰਮਜ਼ ਵਿਚ ਕੂੰਦੀ;
ਸਦੀਆਂ ਪਿੱਛੋਂ ਵਣਾਂ ਦੀਆਂ ਭੁੱਲੀਆਂ ਡੰਡੀਆਂ ਉੱਤੇ ।
ਅਛੋਪਲੇ ਮਾਸੂਮ ਦੀਵੇ ਜਗਾਉਂਦੀ
ਸੋਹਣੀ ਜਾ ਰਹੀ ਦੇਸ ਬਿਗਾਨੜੇ।
ਉਹ ਰਾਹ ਜੋ ਮਹੀਂਵਾਲ ਨ ਵੇਖੇ
ਸੋਹਣੀ ਨਜ਼ਰਾਂ ਦੇ ਜ਼ੋਰ ਨਾਲ
ਮਹੀਂਵਾਲ ਨੂੰ ਓਥੇ ਹੀ ਲਿਆਉਂਦੀ।
ਹੇਕ ਮਿੱਠੀ ਹਰੀ ਲਗਰ ਜਿਉਂ ਝੁਕਦੀ
ਕਦੇ ਆਪਣੀਆਂ ਜੁ ਸਨ
ਪਰ ਅੱਜ ਪਰਦੇਸ਼ਨਾਂ ਰਾਹਾਂ 'ਤੇ।
ਚੰਨਾਂ ਸੂਰਜਾਂ ਤਾਰਿਆਂ ਦੀਆਂ ਹੱਦਾਂ ਵਿਚ
ਸੋਹਣੀ ਦੇ ਹੁਸਨ ਦਾ ਖ਼ਿਆਲ ਪਲਦਾ
ਜੀਣ ਥੀਣ ਦੇ ਨਸ਼ਿਆਂ ਦੇ ਖ਼ਾਬਾਂ ਨੂੰ ਲੈ ਕੇ
ਜਿੱਥੋਂ ਦੀਪ ਕੋਈ ਛੁਪ ਛੁਪ ਉਤਰਦਾ,
ਤੇ ਰਾਹ ਵਖਾਉਂਦਾ ਜਗਾ ਕੇ ਧਰਵਾਸ ਦੇ
ਵਣਾਂ ਦੇ ਉਦਾਸ ਰੁੱਖਾਂ ਦੇ ਹੇਠ ਸੁੱਤੀਆਂ
ਬੇਘਰ ਹਾਰੀਆਂ ਨਸਲਾਂ ਨੂੰ।
ਕਦੇ ਕਦੇ ਰਾਤ ਦੇ ਕੋਟਾਂ ਤੋਂ ਭਾਰੀ
ਹੌਲ ਤੋਂ ਅੱਗੇ,
ਗੁਆਚੇ ਬੇ ਰੌਣਕ ਕਾਫ਼ਲੇ ਵੇਖਦੇ
ਵੀਰਾਨੀਆਂ 'ਚ ਖੜੀ
ਕੱਪਰਾਂ ਨਾਲ ਖੇਡਦੀ ਸੋਹਣੀ ਨੂੰ,
ਜੋ ਲਹਿਰਾਂ ਨੂੰ ਮੁਸਕਾਨ ਨਾਲ ਪਿੱਛੇ ਹਟਾਂਦੀ।
ਥਲਾਂ ਦਾ ਅੰਤ ਨਾਂਹ !
ਕਦੇ ਕਦੇ ਹੀ ਦਿਸਦੀ, ਪਲੋ ਪਲੋ ਛਿਪਦੀ,
ਸੋਹਣੀ ਦੇ ਪੈਰਾਂ 'ਚ ਫ਼ਜਰਾਂ ਦੀ ਕੂਲ ਕੋਈ ਵਗਦੀ।
ਪਲ ਕੁ ਤੱਕਦੀ, ਕੌਣ ਜਾਣੇ ?
ਨਦੀਆਂ ਦੇ ਕੰਢਿਆਂ 'ਤੇ ਰੋਂਦੀਆਂ ਮਾਵਾਂ ਗਲ
ਕਦੇ ਕਦੇ ਪੈਂਦੀਆਂ ਭਾਰੀ ਮੋਹ ਦੀਆਂ ਬਾਹਾਂ।
ਸੋਹਣੀ ਦੀ ਕੂਕ ਨੇ
ਧੂਹ ਪਾਈ ਸੁਪਨਿਆਂ ਅੰਦਰ,
ਤਾਂ ਸਦੀਆਂ ਪਿੱਛੋਂ ਝਨਾਂ ਦਿਆਂ ਪੱਤਣਾਂ 'ਤੇ
ਸੌਦਾਗਰਾਂ ਦੇ ਵੇਸ ਵਿਚ
ਮਲਾਹਾਂ ਦੀਆਂ ਸੈਆਂ ਟੋਲੀਆਂ ਆਈਆਂ;
ਜਾਂ ਉਹ ਵਹਿਣ ਤੋਂ ਘੁੰਡ ਲਾਹੁਣ ਲਈ ਝੁਕੀਆਂ
ਜਿਹਨਾਂ 'ਚ ਬਲ ਬਲ ਪੈਂਦੇ ਟੂਣੇ ਹਜ਼ਾਰਾਂ
ਸੋਹਣੀ ਦੀਆਂ ਟੂਣੇਹਾਰਣਾਂ ਵਾਟਾਂ ਦੇ;
ਤਾਂ ਮਲਾਹਾਂ ਦੀਆਂ ਟੋਲੀਆਂ
ਉਹ ਸਿਦਕੀ ਵਾਟਾਂ ਤੱਕ ਨ ਸਕੀਆਂ,
ਬੇਹੋਸ਼ ਹੋਈਆਂ
ਜਾਦੂਗਰ ਝਨਾਂ ਦਿਆਂ ਪੱਤਣਾਂ 'ਤੇ।
ਸ਼ਹਾਦਤਾਂ ਦੀ ਸਿਖਰ ਤੋਂ
ਇਕ ਗੁਮਨਾਮ ਜੇਹੀ ਹੇਕ ਸੁਣਦੀ !
ਸ਼ਹਾਦਤ ਦੀ ਸਿਖਰ 'ਤੇ
ਸਦੀਆਂ ਧੂੜ ਬਣ ਉੱਠੀਆਂ
ਥਲ ਅੱਗੇ ਨ ਪਿੱਛੇ, ਹੇਠਾਂ ਨ ਉੱਪਰ,
ਕੁਝ ਵੀ ਨਾਂਹ, ਬਸ ਇੱਕੋ ਹੀ
ਸੋਹਣੀ ਦੇ ਪੈਰਾਂ ਦੀ ਥਰਥਰਾਹਟ
ਪਾਵਨ ਖੰਭ ਤੋਂ ਸੂਖਮ ਨੂਰਾਨੀ
ਝੱਖੜ ਦੇ ਸੀਨੇ 'ਚ ਰੋਸ਼ਨੀ ਕਰਦੀ।
ਸੋਹਣੀ ਝਨਾਂ ਵੱਲ ਚੱਲੀ !
ਸੁਣੀਂ ਸੁਣੀਂ ਤੂੰ ਧਰਤ ਪਿਆਰੀਏ,
ਸ਼ਹਾਦਤ ਦੀ ਸਿਖਰ 'ਤੇ
ਕੂੰਜਾਂ ਦੇ ਉਡਣ ਦਾ ਵੇਲਾ।
ਸਦੀਆਂ ਏਧਰ ਨ ਓਧਰ,
ਅਕਾਸ਼ ਦੂਰ ਨ ਨੇੜੇ,
ਬਸ ਸੋਹਣੀ ਦਾ ਬੁੱਤ ਸੁਹਾਣਾ
ਇੱਕੋ ਇਕ ਕਿਸੇ ਅਕਾਸ਼ ਦਾ ਬੱਦਲ।
ਕਿੱਥੇ ਅਕਾਸ਼ ? ਇਹ ਨਜ਼ਰ ਨ ਜਾਣੇ।