ਕਿਤੇ ਦੂਰ ! ਕਾਲ ਦਾ ਸਿੰਘ ਗਰਜਦਾ
ਸਾਲਾਂ ਦੇ ਸਾਲ ਬ੍ਰਿਛਾਂ ਜਿਉਂ ਢੱਠਦੇ;
ਅਸਮਾਨ ਦੇ ਤਾਰਿਆਂ-ਜੜੇ ਪਰਬਤ 'ਤੇ
ਝੱਖੜਾਂ ਦੀ ਛਲ ਵੱਜਦੀ ਵੱਜਦੀ
ਕੁਝ ਤੋੜ ਕੇ ਪੰਜਾਬ ਵੱਲ ਆਈ,
ਤੇ ਸੋਹਣੀ ਨੂੰ ਘੇਰਿਆ ਚਾਰ ਚੁਫ਼ੇਰਿਉਂ।
ਕਹਿਰਾਂ ਦੀ ਰਾਤ ਵਿਚ
ਜ਼ੋਰਾਵਰ ਸਮਾਂ ਸੋਹਣੀ ਨੂੰ ਹੋੜਦਾ,
ਝਨਾਂ ਦੇ ਪੱਤਣ ਤਕ
ਮਾਰੂਥਲਾਂ ਦੀਆਂ ਅਣਗਿਣ ਜ਼ੰਜੀਰਾਂ ਤਾਣਦਾ।
ਸੋਹਣੀ ਨੂੰ ਕੌਣ ਮੋੜੇ
ਉਹ ਜਾ ਰਹੀ ਝੱਖੜਾਂ ਦੇ ਸੀਨੇ 'ਤੇ
ਵਜਦ ਦੀ ਬਿਜਲੀ ਜਿਉਂ ਵੱਜਦੀ-
ਕਾਲ ਦੇ ਸੰਘਣੇ ਵਣਾਂ ਵਿਚ
ਸ਼ੀਂਹ ਵਾਂਗ ਬੁੱਕਦੇ ਝੱਖੜਾਂ ਨੂੰ
ਹੌਲ ਪਾਉਂਦੀ ਮਹੀਂਵਾਲ ਦੇ ਨਾਮ ਦਾ।
ਇਸ਼ਕ ਦੀ ਤਾਣ ਨਾਜ਼ੁਕ ਚੁੰਧਿਆਉਂਦੀ ਚੁਫ਼ੇਰੇ
ਪਤਾਲ ਤਕ ਅੰਬਰ ਦੀ ਭਿੰਨੀ ਨਜ਼ਰ ਨੂੰ ਖਿੱਚਦੀ।
ਛੋਹ ਕੇ ਮਲੂਕ ਜਿੰਦੜੀ ਦਾ ਪੱਲੂ
ਝੱਖੜ ਮਹੀਂਵਾਲ ਦੀ ਖ਼ੁਸ਼ਬੋ ਨਾਲ ਲੱਦੇ।
ਸੋਹਣੀ ਚਾਨਣੀ ਦੀ ਨਾਜ਼ਕ ਤਾਰ ਕੋਈ
ਕੁਝ ਅਸਮਾਨਾਂ ਦੀਆਂ ਬਿਜਲੀਆਂ ਪੀ ਕੇ
ਤੂਫ਼ਾਨਾਂ ਨੂੰ ਜਿਸਮ ਦੀ ਕੂਲੀ ਖ਼ੁਸ਼ਬੋ ਵਿਚ ਬੰਨ੍ਹਦੀ,
ਦੂਰ ਦੂਰ ਤਕ ਪਤਾ ਨਹੀਂ ਕਿੱਥੇ
ਮਹੀਂਵਾਲ ਨੂੰ ਵਲਦੀ
ਬਾਹਾਂ ਦੀ ਤੇਜ਼ ਚਾਂਦਨੀ ਨੱਸਦੀ।
ਇਸ਼ਕ ਦਾ ਜ਼ੋਰ ਪਿਆ
ਤਾਂ ਤੂਫ਼ਾਨਾਂ 'ਚ ਉਡਦੀਆਂ ਆਈਆਂ
ਅਹੱਲਿਆ ਵਾਂਗ ਭੁੱਲੀਆਂ ਗੁਮਨਾਮ ਸਿੱਪਾਂ,
ਜੋ ਉਮਰ ਦੇ ਖ਼ਾਲੀ ਸੱਖਣੇ ਪੈਂਡਿਆਂ ਉੱਤੇ
ਬੇਜਾਨ ਸਰਾਪੇ ਨ੍ਹੇਰਾਂ 'ਚ ਲੇਟੀਆਂ।
ਵੇਖੋ ਨ ਧਰਤੀਏ,
ਸਿੱਪਾਂ 'ਚ ਸ਼੍ਵਾਂਤ ਬੂੰਦ ਦੇ ਹੜ੍ਹ ਆਏ।
ਸੱਚਮੁਚ ਸੋਹਣੀ ਦੀ ਛੋਹ ਦਾ
ਲੱਖਾਂ ਸਾਲਾਂ ਤੋਂ ਮੀਂਹ ਪਿਆ ਬਰਸਦਾ।
ਸੋਹਣੀ ਨੇ ਘੜਾ ਚਾਇਆ
ਜਿਸਦੀਆਂ ਧੀਮੀਆਂ ਲੁਕਵੀਆਂ ਲਕੀਰਾਂ 'ਤੇ
ਤਕਦੀਰਾਂ ਸੂਰਜਾਂ ਦੇ ਚੜ੍ਹਣ-ਛਿਪਣ ਜਿਉਂ ਘੁੰਮਦੀਆਂ।
ਪਰ ਸੋਹਣੀ ਦੇ ਵਸਲ ਦਾ ਪੱਤਣ ਨਾ ਕਿਤੇ ਵੀ
ਘੜੇ ਨੇ ਜੋਬਨ ਇਸ਼ਕ ਦੀ ਕਾਂਗ ਨ ਝੱਲਣੀ।
ਕਾਲ ਦੇ ਕੱਪਰ ਕੰਬਦੇ
ਇਸ਼ਕ ਦੀਆਂ ਬਾਹਾਂ ਦਾ ਆਰ-ਪਾਰ ਨਾਂਹ।
ਸੀਨੇ ਦੇ ਹੜ੍ਹਾਂ ਨਾਲ ਪੱਤਣ ਟੁੱਟਦੇ
ਕਿੱਥੇ ਕੁ ਮਹੀਂਵਾਲ ਦੀ ਕੁੱਲੀ ?
ਉਡੀਕਾਂ ਦੇ ਭਾਂਬੜ ਨੇ ਕਿੱਥੇ ਕੁ ਉੱਠਣਾ ?
ਸੋਹਣੀ ਨੇ ਭਰੇ ਝਨਾਂ ਨੂੰ ਵੇਖਿਆ
ਪਾਰ ਤਕ ਸੋਹਣੇ ਨੈਣ ਉਡਾਰੀਆਂ ਮਾਰਦੇ,
ਕਹਿਕਸ਼ਾਂ ਵਰਗੇ ਲੱਕ ਨੂੰ
ਲਹਿਰਾਂ 'ਚ ਲਹਿਰ ਕਰਦੀ
ਆਖ਼ਿਰ ਠਿਲ੍ਹ ਪਈ ਚੜ੍ਹੇ ਪਾਣੀਆਂ ਅੰਦਰ।
ਤਾਂ ਕੁੱਲ ਝਨਾਂ ਵਿਚ ਕੰਬਨੀ ਧਾਈ,
ਪਰਬਤਾਂ ਤੇ ਸੁੱਤੀਆਂ ਝੀਲਾਂ ਵਿਚ
ਹੰਸਾਂ ਜਾਗ ਜਾਗ ਅੰਬਰ ਨੂੰ ਵੇਖਿਆ।
ਝਨਾਂ ਦੀਆਂ ਕੁੱਲ ਡੂੰਘਾਣਾਂ ਵਿਚ
ਤਾਂਘਾਂ ਦੇ ਖੰਭ ਫੜਕਦੇ
ਚਾਅ ਵਿਚ ਸਿੱਪੀਆਂ ਗੋਤੇ ਖਾਂਦੀਆਂ
ਮੋਤੀਆਂ ਦੇ ਜੋਬਨ 'ਚ ਡੁਲ੍ਹਦੀਆਂ
ਪਰ ਝਨਾਂ ਦੀ ਹਾਥ ਨ ਆਵੇ।
ਹੰਸਾਂ ਦੇ ਖੰਭ ਦਰਮਾਂਦੇ
ਡੂੰਘਾਣਾਂ ਤੋਂ ਅੱਗੇ ਹੋਰ ਡੂੰਘਾਣਾਂ !
ਸੋਹਣੀ ਦੇ ਸਿਦਕ ਦੇ ਚੜ੍ਹੇ ਪਾਣੀਆਂ
ਦੇਣੇ ਹਿਸਾਬ ਨੇ ਕਿਸੇ ਹੋਰ ਹੀ ਪੱਤਣ।
ਸੋਹਣੀ ਦੇ ਜੋਬਨ ਦੀ
ਛੁਹ-ਅਣਛੁਹ ਵਿਚ ਥਰਕਦਾ
ਕਾਂਗਾਂ ਵਿਚ ਗੁੰਮਦਾ ਤੇ ਚੜ੍ਹਦਾ
ਝਨਾਂ ਪਿਆ ਵਗਦਾ, ਵਕਤ ਤੋਂ ਅੱਗੇ।
ਲਹਿਰਾਂ 'ਚ ਲਹਿਰ ਸੋਹਣੀ ਦੀ ਜਾਨ ਨ ਹੰਭਦੀ,
ਪਰਬਤਾਂ ਬੇਲਿਆਂ ਸਮੁੰਦਰਾਂ ਤੀਕਨ
ਝਨਾਂ ਨੂੰ ਸੋਹਣੀ ਦੇ ਇਸ਼ਕ ਦੀ ਰੌਸ਼ਨੀ ਵਲਦੀ।
ਅੰਬਰ ਧਰਤ ਦੇ ਨਿਆਰੇ ਵੇਸਾਂ ਤੋਂ ਨਿਆਰਾ
ਸੋਹਣੀ ਦਾ ਹੁਸਨ ਹੋਰ ਥਾਂ ਵੇਖਣ ਲਈ
ਝਨਾਂ ਦੇ ਵਹਿਣ ਪਏ
ਹਜ਼ਰਾਂ ਦੀ ਅੱਗ ਤਕ ਨੱਚਦੇ।
ਬੀਆਬਾਨਾਂ 'ਚ ਉੱਠਦੀ
ਅਜ਼ਾਨ ਦੇ ਸੋਜ਼ ਤੋਂ ਮਿੱਠੀ
ਸੋਹਣੀ ਦੀ ਛੋਹ ਨੇ
ਮਹੀਂਵਾਲ ਦੀ ਸਿੱਕ ਵਿਚ
ਡੋਬ ਦਿੱਤੇ ਝਨਾਂ ਦੇ ਵਹਿਣ ਲਾਸਾਨੀ।
ਠਾਠਾਂ ਮਾਰਦੇ ਝਨਾਂ ਤੋਂ
ਸੋਹਣੀ ਦੀ ਪਿਆਸ ਵੱਡੀ
ਇਸ਼ਕ ਦੀ ਅੱਗ ਦੇ ਜੋਬਨ ਨੇ
ਅਨੰਤ ਲਹਿਰਾਂ ਨੂੰ ਰੰਗਿਆ।
ਧਰਤੀ ਤੇ ਅੰਬਰ ਦੀ ਚਾਦਰ ਨੂੰ ਚੀਰ ਕੇ
ਸੋਹਣੀ ਦਾ ਤਨ ਇਕ ਪਲ
ਆਖ਼ਰੀ ਹਨੇਰੇ ਨੂੰ ਰੌਸ਼ਨ ਕਰਨ ਲਈ
ਸਮੇਂ ਦੀ ਆਖ਼ਰੀ ਹੱਦ ਤਕ ਲਰਜ਼ਿਆ।
ਝਨਾਂ ਦੀਆਂ ਲਹਿਰਾਂ ਦੀ ਪੀਂਘ ਚੜ੍ਹਦੀ
ਜ਼ਿੰਦਗੀ-ਮੌਤ ਦੀਆਂ ਛਾਵਾਂ ਤਕ।
ਸੋਹਣੀ ਵਕਤ ਦੇ ਆਖ਼ਰੀ ਜਾਮ ਨੂੰ ਚੁੱਕੀ
ਲਹਿਰਾਂ ਦੀ ਪੀਂਘ ਦੀ ਝੋਲ ਵਿਚ ਬੈਠੀ।
ਘੜਾ ਖੁਰਿਆ
ਕਸੁੰਭੜੇ ਦੇ ਰੰਗ ਦੀ ਬਾਤ ਮੁੱਕੀ!
ਝਨਾਂ ਦੇ ਸਭ ਪੱਤਣਾਂ ਤੋਂ
ਓਹਲੇ ਦੇ ਕਿਸੇ ਪੱਤਣ 'ਤੇ
ਝਨਾਂ ਤੋਂ ਵੱਡੀਆਂ ਪਿਆਸ ਦੀਆਂ ਬਾਹਾਂ ਵਿਚ
ਮਹੀਂਵਾਲ ਨੂੰ ਮਿਲ ਕੇ, ਘੁੱਟ ਕੇ,
ਸੋਹਣੀ ਨੇ ਖੋਰ ਦਿੱਤਾ ਤਕਦੀਰਾਂ ਦੇ ਰੰਗ ਨੂੰ।
ਸੱਸੀ ਦੇ ਥਲਾਂ ਤੋਂ ਪਾਰ
ਇਕ ਬਾਗ਼ ਵਿਚ ਮੋਰਾਂ ਨੂੰ ਕੂੰਜਾਂ ਨੇ ਦੱਸਿਆ
ਕਿ ਕਹਿਰਾਂ ਦੀ ਰਾਤ ਨੂੰ
ਸੋਹਣੀ ਮਹੀਂਵਾਲ ਨੂੰ ਕੂਕਦੀ ਕੁਰਲਾਂਦੀ
ਦੂਰ ਝਨਾਂ ਦੀਆਂ ਲਹਿਰਾਂ 'ਚ ਡੁੱਬ ਮੋਈ।
ਤਾਂ
ਅਸਮਾਨ ਦੇ ਖੂਹੇ ਤੋਂ
ਚੰਨਾਂ ਤਾਰਿਆਂ ਨੂੰ ਪਾਣੀ ਪਿਲਾਂਦੀਆਂ
ਸਦੀਆਂ ਨੇ ਫ਼ਜਰਾਂ ਦੀ ਮਣ ਤੋਂ
ਝੁਕ ਕੇ ਧਰਤ ਵੱਲ ਵੇਖਿਆ;
ਤੇ
ਪੱਕੀਆਂ ਪੀਲ੍ਹਾਂ ਦੀ ਰੁੱਤੇ
ਵਣਾਂ ਦੀ ਛਾਂ ਵਿਚ ਬੈਠੀਆਂ
ਨਾਰਾਂ ਦੇ ਕੰਨ ਵਿਚ ਆਖਿਆ :
ਕਿ ਮਹੀਂਵਾਲ ਨੂੰ ਯਾਦ ਕਰਦੀ
ਸੋਹਣੀ ਆਪਣੀ ਪਿਆਸ ਵਿਚ ਮੋਈ।