ਸੋਹਣੀ ਕੁੜੀ
ਚੰਦ ਚਾਨਣੀ ਰਾਤ ਵਰਗੀ ਹੁੰਦੀ ਹੈ
ਬਹਾਰ ਜੇਹੀ ਰੁੱਤ ਬੱਦਲਾਂ ਬਗੈਰ
ਤਾਰਿਆਂ ਭਰਿਆ ਅਸਮਾਨ
ਹਨੇਰੇ ਚ ਜਗਦੀ
ਨੱਚਦੀ ਦੀਵੇ ਦੀ ਲਾਟ
ਤੱਕਣਾ ਹੈ ਤਾਂ
ਉਹਦੀ ਨਜ਼ਰ ਵਿਚਦੀ ਵਿਚਰਨਾ
ਮੂਰਛਤ ਕਰ ਦੇਣ ਵਾਲੀ
ਨਦੀ ਹੁੰਦੀ ਹੈ ਸੋਹਣੀ ਕੁੜੀ
ਕੋਮਲ ਜਿਹੇ ਫੁੱਲਾਂ ਦੀ ਲੜੀ
ਚਮਕਦੀ ਕੋਈ ਅਸਮਾਨੀ ਡਿੱਗੀ ਬਿਜਲੀ ਧੜਕਣਾਂ 'ਤੇ
ਸੁੰਦਰਤਾ ਦੀ ਆਤਮਾ
ਨੂੰ ਸਜਾ ਕੇ ਤੁਰਦੀ ਹੈ ਸੋਹਣੀ ਕੁੜੀ
ਤਰਦੀ ਹੈ ਕੱਚਿਆਂ ਤੇ
ਡੁੱਬਦੀ ਮਰਦੀ ਹੈ ਇਕਰਾਰਾਂ ਤੇ
ਪਵਿੱਤਰ ਜਿਹੀ ਦੋਸਤ
ਆਪਣੇ ਰੰਗਾਂ ਨਾਲ ਕਾਬੂ ਕਰਦੀ ਹੈ
ਗੱਭਰੂਆ ਦੀਆਂ ਰੀਝਾਂ
ਹੰਝੂਆਂ ਦਾ ਇਹ ਮੱਧਮ ਜੇਹਾ ਚਾਅ ਖਾਲੀ ਅਤੇ ਵਿਰਾਨ ਜਿਹਾ ਜਾਪਦਾ ਹੈ ਕਦੇ ਕਦੇ
ਉਹੀ ਦੱਸ ਸਕਦੀ ਹੈ ਕਿ
ਚੰਨ ਕਿਵੇਂ ਗ੍ਰਹਿਣਿਆ ਜਾਂਦਾ ਹੈ
ਹੁਸਨ ਦੀ ਤੇਜ਼ ਰੌਸ਼ਨੀ ਨਾਲ
ਜਦ ਉਹ ਬਾਹਰ ਪਹਿਲਾ ਪੱਬ ਰੱਖਦੀ ਹੈ
ਸੂਰਜ ਦੀ ਰੌਸ਼ਨੀ ਕਿਉਂ ਮੱਧਮ ਪੈ ਜਾਂਦੀ ਹੈ
ਉਹਦੇ ਛੱਤ ਤੇ ਗਿੱਲੇ ਵਾਲ ਸੁਕਾਉਣ ਵੇਲੇ
ਉਹੀ ਜਾਣੇ
ਪਹਾੜੀ ਨਦੀ ਉੱਤੇ
ਸਤਰੰਗੀ ਪੀਂਘ ਕੌਣ ਬੁਣ ਜਾਂਦਾ ਹੈ
ਸੋਹਣੀ ਕੁੜੀ ਹੀ ਬਿਆਨ ਕਰ ਸਕਦੀ ਹੈ
ਬੂਟਿਆਂ ਦੀਆਂ ਡਾਲੀਆਂ ਤੇ
ਕੌਣ ਟੰਗ ਜਾਂਦਾ ਹੈ ਰੰਗ ਬਰੰਗੇ ਫੁੱਲ
ਪਿੰਡ ਦੇ ਮੁੰਡੇ ਕਿਉਂ ਨਹੀਂ ਸੌਂਦੇ ਰਾਤਾਂ ਨੂੰ
ਕਿਉਂ ਬੇਚੈਨ ਰਹਿੰਦੇ ਨੇ ਹਵਾਵਾਂ ਦੇ ਬੁੱਲੇ
ਮੇਲਿਆਂ ਵਿੱਚ ਕਿਉਂ ਨਹੀਂ ਆਉਂਦੀਆਂ ਰੋਣਕਾਂ ਸੋਹਣੀਆਂ ਕੁੜੀਆਂ ਬਗੈਰ
ਵੰਗਾਂ ਨੂੰ ਉਹਦੀਆਂ ਬੱਗੀਆਂ ਵੀਣੀਆਂ ਹੀ ਛਣਕਾਰ ਬਖ਼ਸ਼ਦੀਆਂ ਹਨ
ਉਹਦੇ ਨੱਕ ਦਾ ਕੋਕਾ
ਧਰਤੀ ਨੂੰ ਰੁਸ਼ਨਾ ਦਿੰਦਾ ਹੈ
ਪਜੇਬਾਂ ਦੇ ਬੋਰਾਂ ਵਿਚ ਛਣ ਛਣ ਉਹ ਪਾਵੇ
ਮਹਿੰਦੀ ਲਾ ਜਦ ਬਹਿੰਦੀ ਹੈ
ਤਾਂ ਅੰਬਰ ਮਹਿਕਣ ਲੱਗਦਾ ਹੈ
ਵਟਣਾ ਮਲ ਲਵੇ ਬਹੇ
ਕਾਇਨਾਤ ਸੁਗੰਧਤ ਹੋ ਜਾਵੇ
ਫੁੱਲਾਂ ਵਿੱਚ ਖ਼ੁਸ਼ਬੂ ਭਰ ਦਿੰਦੀ ਹੈ ਸੋਹਣੀ ਕੁੜੀ
ਰਾਹ ਕਿਉਂ ਨਹੀਂ ਭਰਦੇ ਰੰਗ ਬਿਰੰਗੇ ਦੁਪੱਟਿਆਂ ਬਿਨ
ਉਹ ਹੀ ਦੱਸੇਗੀ
ਕੌਣ ਭਰ ਜਾਂਦਾ ਹੈ ਮਹਿਕਾਂ
ਫੁੱਲ ਪੱਤੀਆਂ ਦੀਆਂ ਬੁੱਲ੍ਹੀਆਂ ਚ
ਉਹੀ ਜਾਣਦੀ ਹੈ
ਮਹਿਫ਼ਲਾਂ ਕਿਉਂ ਨਹੀਂ ਸਜਦੀਆਂ ਸੋਹਣੀ ਕੁੜੀ ਬਗੈਰ
ਉਹਨੂੰ ਹੀ ਪੁੱਛੋ
ਸੋਹਣੀ ਕੁੜੀ ਅੱਧਮੋਏ ਕਰਕੇ ਛੱਡ ਜਾਂਦੀ ਹੈ ਨਵੇਂ ਸਵੇਰਿਆਂ ਨੂੰ
ਸਾਰਾ ਭੇਤ ਉਹਦੀਆਂ ਹੀ ਰਮਜ਼ਾਂ ਵਿੱਚ ਛੁਪਿਆ ਹੋਇਆ ਹੈ
ਬਾਗਾਂ ਚ ਕੋਇਲ ਦੀ ਕੂਕ ਹੁੰਦੀ ਹੈ ਸੋਹਣੀ ਕੁੜੀ
ਉਹਦੇ ਜਿਸਮ ਦੀਆਂ ਮਹਿਕਾਂ ਨਾ ਹੋਣ
ਤਾਂ ਇਤਰਾਂ ਚ ਸੁਗੰਧੀਆਂ ਨਾ ਹੋਣ