ਸੋਹਣਿਆਂ ਮ੍ਹਾਰੂਆ

ਬਿਆਸਾ ਦੇ ਪੱਤਣਾਂ 'ਤੇ ਚਰਦਿਆ–

ਬੇਟ ਦੀ ਕਾਲੀ ਘਟ ਹਬਕਾਰ ਤੂੰ 

ਘਾਹ ਦੀ ਹੁੱਲਦੀ ਮੌਜ ਤੂੰ

ਖ਼ਾਕ ਦਾ ਅੰਨ੍ਹਾ ਜੋਸ਼ ਤੂੰ- 

ਚੜ੍ਹੇ ਦਰਿਆ ਦਾ ਸ਼ੌਕ ਹੈਂ 

ਛਲਕਦੇ ਰੰਗ ਦਾ ਸਬਰ ਹੈਂ 

ਵਜਦ ਦਾ ਪੱਥਰ-ਅੰਗ ਹੈਂ

ਸੋਹਣਿਆਂ ਮ੍ਹਾਰੂਆ

ਬੇਲਿਆਂ ਦੇ ਰਾਹ ਨੇ ਖੁੱਲ੍ਹੇ, 

ਸਾਰਾ ਹੀ ਦੇਸ ਪਿਆ ਹੁੱਲੇ !!

ਤਿੜਾਂ ਵਿਚ ਤੇਰੀ ਨਜ਼ਰ ਦੀ ਬੋਲੀ

ਪਿੰਡੇ 'ਤੇ ਕੁੰਡਲੀਆਂ ਮਾਰ ਕੇ ਸੁੱਤੇ 

ਦਰਿਆ ਦੇ ਭੇਤਾਂ ਦੇ ਪੱਤਣ-

ਤੇਰੀਆਂ ਅੱਖਾਂ ਨੇ ਵਾਸ਼ਨਾ 

ਦਰਿਆ ਦੀ ਹਵਾੜ ਨੂੰ ਸੁੰਘਦੀਆਂ 

ਨਾਗਾਂ ਨੂੰ ਅਣਡਿੱਠ ਕਰਦੀਆਂ— 

ਸੋਹਣਿਆਂ ਮ੍ਹਾਰੂਆ

ਬਿਰਖਾਂ ਦੇ ਭੇਦ ਨੇ ਖੁੱਲ੍ਹੇ

ਸਿੰਗਾਂ 'ਤੇ ਉਡਦੇ ਬੁੱਲੇ !!

ਪੰਜਾਬ ਦੀ ਸ਼ਾਹ ਰਗ ਦੇ ਨਾਲ

ਨੱਕ ਨੂੰ ਲਾ ਲਾ ਵੇਖਦਾ

ਸਾਹਾਂ ਦੇ ਵੱਲ ਦਰਿਆ ਦੀ ਵਾਸ਼ਨਾ ਨੱਸਦੀ,

ਖੁਰਾਂ ਦੇ ਹੇਠਾਂ ਮੁਲਕ ਦੀ ਜਾਨ ਪਈ ਵੱਸਦੀ

ਬਘਿਆੜਾਂ ਦੇ ਅੰਨ੍ਹੇ ਜੋਸ਼ ਦਾ ਰੁੱਖ ਹੈਂ,

ਮਾਇਆ ਦੇ ਰਸਾਂ ਦੀ ਭੁੱਖ ਹੈਂ, 

ਸਾਵਨ ਮਹੀਨੇ ਦੀ ਕੁੱਖ ਹੈਂ।

ਸੋਹਣਿਆਂ ਮ੍ਹਾਰੂਆ !

ਵੇਖ ਲੈ, ਸਾਨੂੰ ਪਛਾਣ ਲੈ,

ਰੂਹਾਂ ਨੂੰ ਜਾਣ ਲੈ, ਖ਼ਾਕ ਨੂੰ ਜਾਣ ਲੈ।

ਮਾਹਣੀਆਂ ਦੀ ਨਜ਼ਰ ਦਾ ਖੂਹ ਤੂੰ, 

ਦਰਿਆ ਦੇ ਹੜ੍ਹਾਂ ਤੋਂ ਲਾਂਭੇ ਖਲੋਤਾ 

ਸ਼ਰਾਬ ਦਾ ਕੋਟ ਤੂੰ

ਦਰਿਆ ਦੀ ਗਰਜ ਦਾ ਲਹੂ ਹੈਂ, 

ਮਿੱਟੀ ਦਾ ਸੇਕ ਹੈਂ, 

ਅਣਡਿੱਠ ਜਹੀ ਮੌਜ ਹੈਂ, 

ਜ਼ਿਮੀਂ ਅਸਮਾਨ ਨੂੰ ਭੁੱਲਿਆ 

ਤੁੰਦ ਹਵਾ ਦਾ ਹੰਕਾਰਿਆ ਜ਼ੋਰ ਹੈਂ, 

ਹੰਕਾਰ ਦਾ ਅੰਬਰ, ਫੇਰ ਫ਼ਕੀਰ ਹੈਂ, 

ਕੌੜੇ ਤੇ ਮਿੱਠੇ ਵਣਾਂ ਦੀ ਭੀੜ ਹੈਂ

ਸੂਫ਼ੀ ਫ਼ਨਾ ਦੇ ਦੇਸ ਵਿਚ ਕੂਕਨ

“ਬੇਸ਼ੁਮਾਰ ਰੂਹਾਂ ਦੇ ਰੰਗ ਨੇ 

ਸਾਰਾ ਵਜੂਦ ਤੂੰ,

ਨਾਗਾਂ ਦਾ ਚੜ੍ਹਿਆ ਖ਼ਰੂਦ ਤੂੰ

ਸੋਹਣਿਆਂ ਮ੍ਹਾਰੂਆ !

ਲਾ ਮਕਾਨੀ ਕਿਤੇ ਨਹੀਂ

ਸਾਰਾ ਵਜੂਦ ਤੂੰ !

ਫ਼ਕੀਰ ਜਿਸ ਰਾਜ਼ ਨੂੰ ਆਪਣਾ ਆਖਦੇ

ਓਸੇ ਹੀ ਸਫ਼ਰ ਦਾ ਬੂਦ ਤੂੰ।”

ਬੇਨਾਮ ਰੂਹਾਂ ਦਾ ਘਾਟ ਹੈਂ,

ਲੋਹੇ ਦੀ ਰਾਤ ਹੈਂ, 

ਰੁੱਖਾਂ ਦੀ ਵਾਟ ਹੈਂ,

ਭੁੱਲਿਆ ਸ਼ੌਕ ਹੈਂ,

ਆਪਣਾ ਅੰਤ ਹੈਂ,

ਰਾਗ ਦੀ ਮੰਤ ਹੈਂ,

ਨਾਗਾਂ ਦੇ ਰੰਗ ਨੇ ਪਿੰਡੇ ਦੀ ਧਣਖ 'ਤੇ

ਮੱਥੇ 'ਤੇ ਤੰਦੂਆ ਬੰਨ੍ਹਿਆ 

ਮਛ-ਕਛ ਨੇ ਪਿੱਠ 'ਤੇ ਸੁੱਤੇ-

ਸਿੰਗਾਂ 'ਤੇ ਚੁੱਪ ਹੈ ਅਰਸ਼ ਦੀ, 

ਅੱਖਾਂ 'ਚ ਰੱਜ ਦਰਿਆ ਦਾ, 

ਜੀਭ 'ਤੇ ਨਸ਼ੇ ਨੇ ਜ਼ਿਮੀਂ ਦੇ, 

ਥਣਾਂ 'ਚ ਮਿਹਰ ਦਿਲਦਾਰ ਦੀ—

ਸੋਹਣਿਆਂ ਆਰੂਆ !

ਪੀਰ ਪੈਗ਼ੰਬਰਾਂ ਨੂੰ ਪਿਆਰਿਆ, 

ਇਲਮਾਂ ਤੋਂ ਨਿਆਰਿਆ !

ਧੁਰਾਂ ਵੱਲ ਜਾਂਦਿਆ 

ਅਜ਼ਲ ਤੋਂ ਆਂਦਿਆ 

ਅਨੰਤ ਨੂੰ ਦੁੱਧ ਪਿਲਾਂਦਿਆ, 

ਬੇਖ਼ਬਰ ਨਾਮ ਦੇ ਖੇੜੇ ਤੋਂ

ਨਾਮ ਤੋਂ ਬਾਹਰ ਖਲੋਤਿਆ, 

ਨਾਮ ਵਿਚ ਰੰਗ ਜਮਾਂਦਿਆ— 

ਸੋਹਣਿਆਂ ਮ੍ਹਾਰੂਆ

ਮਹਿਕ ਤੇਰੇ ਗੋਸ਼ਤ ਦੀ ਹੁੱਲੇ

ਲਾਮਕਾਨੀ ਦੇ ਚੁੱਲ੍ਹੇ !!

📝 ਸੋਧ ਲਈ ਭੇਜੋ