ਭਲਾ ਕਮਾਇਆ
ਮੁੱਖ ਮੋੜ ਕੇ
ਕੌਲ ਤੋੜ ਕੇ
ਆਪਾ ਭੁੱਲੀ
ਨੀਂਦ ਵਿਚ
ਗਲਤਾਨ ਪਏ ਨੂੰ
ਚੰਨ ਦੀਆਂ ਰਿਸ਼ਮਾਂ
ਵਰਗੇ ਸੂਖ਼ਮ
ਸੁਪਨਿਆਂ ਵਿਚ
ਗਵਾਚ ਗਏ ਨੂੰ
ਟੁੰਬ ਜਗਾਇਆ
ਸੱਚ ਦਾ ਕੌੜਾ
ਘੁੱਟ ਪਿਆਇਆ
ਤੇਰੀ
ਮੋਨਾ ਲੀਸਾ ਜਹੀ
ਮੁਸਕਾਣ ਦੇਖ ਕੇ
ਸੋਚ ਰਿਹਾ ਸਾਂ
ਇਹ ਜੱਗ ਰਚਨਾ
ਸਾਡੀ ਹਰ ਮਨਸ਼ਾ ਦੀ ਪਾਲਕ
ਜੇ ਚਾਹਾਂ ਤਾਂ
ਰਾਤੀਂ ਤਾਰੇ
ਤੇਰੀਆਂ ਜ਼ੁਲਫਾਂ
ਵਿਚ ਉਤਰਨ ਸਾਰੇ ਦੇ ਸਾਰੇ
ਤੇਰੀਆਂ ਬੁਲ੍ਹੀਆਂ
ਨੂੰ ਰੰਗਣ ਲਈ
ਸੁੱਤੀ ਉੱਠਦੀ
ਊਸ਼ਾ ਸੁੱਚੇ ਮੂੰਹ ਆਵੇਗੀ
ਜੇ ਕਰ ਤੇਰੇ
ਪਿਆਰ ਸਵਾਦਾਂ
ਸੰਗ ਅਲਸਾਏ
ਅੰਗਾਂ ਉੱਤੋਂ
ਨੀਂਦ ਅਜੇ ਨਾ ਲੱਥੀ ਹੋਵੇ
ਰਾਤ ਲੰਮੇਰੀ
ਹੋ ਜਾਏਗੀ
ਰੁਕ ਥੋਹੜਾ ਚਿਰ
ਲੋ ਜਾਏਗੀ
ਸੋਚ ਰਿਹਾ ਸਾਂ
ਤੇਰੇ ਮੂੰਹ ਨੂੰ ਚੁੰਮਣ
ਮੁਕਤੀ ਪਾ ਲੈਣਾ ਹੈ
ਇਸ ਜੀਵਨ ਦਾ
ਸੱਭੋ ਕੁਝ ਬਣਾ ਲੈਣਾ ਹੈ
ਪਰ ਹੁਣ ਤੂੰ
ਚੰਨ ਮੁੱਖ ਮੋੜਿਆ
ਸੁਪਨ ਤੋੜਿਆ
ਤਾਰੇ ਸਭ
ਕਰੋਪੀ ਹੋਏ
ਨਜ਼ਰੀਂ ਆਏ
ਸਮਝ ਪਈ ਹੈ
ਆਪਣੀ ਏਥੇ
ਕੀ ਵੱਟੀ ਦੀ
ਸੰਤਾਪਾਂ ਦੇ ਬੰਦੀ ਖ਼ਾਨੇ
ਕੋਈ ਸਰਾਪ ਪਿਆ ਹੈ
ਸਾਨੂੰ ਕੀ ਹੋਇਆ ਜੇ
ਸੋਝੀ ਟੁੰਬੇ
ਦੁੱਖਾਂ ਤੋਂ
ਜੀ ਘਬਰਾਇਆ ਹੈ
‘ਮੂਰਖ ਲੋਕ ਸਦਾ ਸੁੱਖ ਸੌਂਦੇ'
ਆਦਮ ਹੱਵਾ
ਦੀ ਗੱਲ ਕਿਹੜੀ
ਸੋਝੀ ਦਾ ਫਲ ਖਾ ਕੇ
ਕਿਸ ਨੇ ਸੁੱਖ ਪਾਇਆ ਹੈ