ਸੋਨ-ਫੁੱਲੀਆਂ ਕਾਤਰਾਂ

ਇਸ਼ਕ ਨੂੰ ਸਦੀਆਂ ਤੋਂ ਇੱਕ ਵਰਦਾਨ ਹੈ

ਤੂੰ ਸਭ ਕੁਝ ਲੁੱਟਾ ਕੇ ਵੀ ਸੁਲਤਾਨ ਹੈਂ

ਇਹ ਪਰਬਤਾਂ 'ਤੇ ਧੁੱਪ ਦੀ ਜੋ ਪਾਣ ਹੈ

ਇਹ ਆਸ਼ਕਾਂ ਨੂੰ ਰੱਬ ਨੇ ਕੀਤੀ ਦਾਨ ਹੈ

ਇਸ ਲਿਸ਼ਕ ਤੋਂ ਵਾਂਝੇ ਰਹਿਣ ਦਾ ਹੈ ਸਿਲਾ

ਕਿ ਸਾਡੀਆਂ ਅੱਖਾਂ 'ਚ ਜਿਹੜਾ ਕਾਣ ਹੈ

ਇਹ ਧੁੱਪ ਜਿਹੜੀ ਚਿੱਟਿਆਂ ਬਾਜ਼ਾਂ ਜਿਹੀ,

ਦੈਵੀ ਜਿਹਾ ਕੋਈ ਜਾਪਦੀ ਫ਼ਰਮਾਨ ਹੈ

ਇਹ ਸਾਡੀਆਂ ਦੇਹਾਂ ਦੇ ਰੰਗਲੇ ਚਰਖੜੇ

ਇਹਨਾਂ ਦੀ ਘੂਕਰ ਇਸ਼ਕ ਦਾ ਹੀ ਗਾਣ ਹੈ

ਇਹ ਧੁੱਪ ਵਿੱਚ ਪੱਕਦੇ ਰਹੇ ਤੇ ਘੜ ਲਏ

ਇਹ ਲਰਜ਼ਦੇ ਰੁੱਖਾਂ ਦੀ ਹੀ ਸੰਤਾਨ ਹੈ

ਇਹ ਰੁੱਖ ਜਿਨ੍ਹਾਂ ਹੇਠ ਬਹਿ ਕੇ ਜਾਪਦੈ

ਕਿ ਪਿਆਰ ਹੀ ਧਰਮਾਂ ਦਾ ਬੂਹਾ ਖੋਲ੍ਹਦੈ

ਕਿ ਖ਼ਾਬ ਤਾਂ ਬੱਸ ਦੂਧੀਆ ਜਿਹੀ ਝੱਗ ਨੇ

ਮੱਥਿਆਂ ਨੂੰ ਕੇਵਲ ਸੱਚ ਹੀ ਪੜਚੋਲਦੈ

ਬੇ-ਰੌਣਕਾ ਬੂਟਾ ਸਰੂ ਦਾ ਜਿਉਂ ਕਿਤੇ

'ਕੱਲਾ ਖੜ੍ਹੈ ਪਰ ਫੇਰ ਵੀ ਕੁਝ ਬੋਲਦੈ

ਇਹ ਬੋਲੀਆਂ ਨੂੰ ਸਮਝਦਾ ਓਹੀ ਜਿਹੜਾ

ਬੇਖ਼ੌਫ਼ ਹੋ ਕੇ ਚਾਨਣਾਂ ਨੂੰ ਟੋਲਦੈ

ਸੋਨ-ਫੁੱਲੀਆਂ ਕਾਤਰਾਂ ਸਮਿਆਂ ਦੀਆਂ

ਜਿਨ੍ਹਾਂ ਦਾ ਹਰ ਥਾਂ ਸਜ ਰਿਹਾ ਦਰਬਾਰ ਹੈ

ਜਿਂਨ੍ਹਾਂ ਦਾ ਹੋਣਾ ਧਰਤੀਆਂ ਦੀ ਸ਼ਾਨ ਹੈ

ਜਿਨ੍ਹਾਂ ਬਿਨਾਂ ਨਾ ਸੁਹਜ ਹੈ, ਨਾ ਪਿਆਰ ਹੈ

ਮੈਂਨੂੰ ਤਾਂ ਇਉਂ ਵੀ ਜਾਪਦੈ ਕਿ ਧੁੱਪ ਜਿਉਂ

ਮਾਂਵਾਂ ਦੇ ਕੋਸੇ ਦੁੱਧ ਦਾ ਆਧਾਰ ਹੈ

ਵੈਸਾਖ ਵਿੱਚ ਕਣਕਾਂ ਨੂੰ ਜਾ ਕੇ ਪੁੱਛਣਾ

ਇਸ ਬਾਬਤਾਂ ਉਹਨਾਂ ਦਾ ਕੀ ਵਿਚਾਰ ਹੈ ?

ਸ਼ਾਇਦ ਉਹ ਜਿਹੜੇ ਕੋਹਲੂਆਂ ਵਿੱਚ ਪੀੜ'ਤੇ

ਉਹਨਾਂ ਦੇ ਪਿੱਛੇ ਧੁੱਪ ਦੀ ਹੀ ਧਾਰ ਹੈ

ਇਹਨਾਂ ਦੀ ਮੈਨੂੰ ਇੱਕ ਸਦੀ ਤੋਂ ਢੂੰਡ ਸੀ

ਇਹ ਜਾਂਗਲੀ ਧੁੱਪਾਂ ਮੇਰਾ ਘਰ-ਬਾਰ ਹੈ

📝 ਸੋਧ ਲਈ ਭੇਜੋ