ਸੂਹੇ ਖ਼ਿਆਲਾਂ ਨੂੰ ਮਾਨਣ ਦੀ ਕੀਮਤ

ਸੂਹੇ ਖ਼ਿਆਲਾਂ ਨੂੰ ਮਾਨਣ ਦੀ ਕੀਮਤ ।

ਮਰ ਕੇ ਚੁਕਾਈ ਮੈਂ ਮਹਿਕਣ ਦੀ ਕੀਮਤ ।

ਸੁੱਤੇ ਰਹੇ ਵੇਚ ਘੋੜੇ ਸਦਾ ਜੋ,

ਮੈਨੂੰ ਆ ਦੱਸਦੇ ਨੇ ਜਾਗਣ ਦੀ ਕੀਮਤ ।

ਤੇਰੀ ਮੁਹੱਬਤ ਲੁਕਾਈ ਦੁਨੀ ਤੋਂ,

ਦੁਨੀਆਂ ਕੀ ਜਾਣੇ ਲੁਕਾਵਣ ਦੀ ਕੀਮਤ ।

ਮੈਨੂੰ ਲੁਟੇਰਾ ਘਰੇ ਆ ਕੇ ਮਿਲਿਆ,

ਮੈਂ ਮੰਗ ਲਈ ਦਿਲ ਲੁਟਾਵਣ ਦੀ ਕੀਮਤ ।

ਬੁੱਕਲ ਤੇਰੀ ਵਿੱਚ ਨਿਕਲੇ ਜੋ ਹੰਝੂ,

ਕਰ ਗਏ ਅਦਾ, ਕੁੱਲ ਹੱਸਣ ਦੀ ਕੀਮਤ ।

ਖਾਰਾਂ ਵਿਚਾਲੇ ਗੁਜ਼ਾਰਨ ਉਹ ਜੀਵਨ,

ਫੁੱਲਾਂ ਨੂੰ ਪੁਛਿਉ ਕੀ ਟਹਿਕਣ ਦੀ ਕੀਮਤ ।

ਮੈਂ ਪੈੜ ਤੇਰੀ ਚ ਰੱਖਣੇ ਕਦਮ ਨੇ, 

ਲੈਣੀ ਕੀ ਦੱਸ ਨਾਲ ਰੱਖਣ ਦੀ ਕੀਮਤ ।

ਹੋਠਾਂ ਦੇ ਜ਼ਖਮਾਂ ਨੇ ਦੱਸੀ ਕਹਾਣੀ, 

ਤਾਰੀ ਕਿਵੇਂ ਫੁੱਲ ਚੁੰਮਣ ਦੀ ਕੀਮਤ ।

📝 ਸੋਧ ਲਈ ਭੇਜੋ