ਗਿਠ ਗਿਠ ਹੋਏ ਜ਼ਿੰਮੀਂ ਤੋਂ ਉੱਚੇ
ਅਜੇ ਅਕਲ ਦੇ ਬੂਟੇ,
ਪਸਮੀਂ ਰਹੀ ਧੁੱਪ ਦੀ ਛਾਤੀ
ਰਜ ਨਾ ਦਿੱਤੇ ਅਜੇ ਹਵਾ ਨੇ ਹੂਟੇ,
ਫੁਲ ਖਿੜੇ ਨਾ ਫਲ ਆਏ ਨਾ
ਵਧ ਵਧ ਕੇ ਨਾ ਨਿਸਰੇ
ਚੜ੍ਹਿਆ ਰੂਪ ਨਾ ਚੜ੍ਹੀ ਜੁਆਨੀ
ਰੰਗ ਅਜੇ ਨਾ ਨਿਖ਼ਰੇ।
ਚਿਣ ਚਿਣ ਉੱਪਰ
ਵਹਿਮ ਭੁਲੇਖਿਆਂ ਦੇ ਸਿਲਵੱਟੇ ਭਾਰੇ
ਮੁੜ ਕੂੜ ਦੇ ਕੋਝੇ ਹੱਥਾਂ
ਪਰਬਤ ਆਣ ਉਸਾਰੇ।
ਇਕੋ ਚਿਣਗ ਸੱਚ ਦੀ ਸੁਲਗੀ
ਨ੍ਹੇਰ ਦੇ ਝੱਖੜ ਝੁੱਲੇ,
ਕਾਲੀਆਂ ਰਾਤਾਂ ਅੰਬਰ ਕੱਜੇ
ਰਾਹੀ ਮੰਜ਼ਲਾਂ ਭੁੱਲੇ।
ਪਰਬਤ ਕੀ ਫਰਹਾਦਾਂ ਅੱਗੇ
ਅਕਲ ਨਾ ਰਹੇ ਮਰੁੰਡੀ
ਸਾਂਝੀ ਸੋਚ ਦਾ ਇਕ ਇਸ਼ਾਰਾ
ਖੋਲ੍ਹੇ ਲਖ ਲਖ ਘੁੰਡੀ।
ਫੁਲ ਖਿੜਨ ਫਲ ਆ ਕੇ ਪੱਕਣ
ਪਲ ਪਲ ਹੋਵੇ
ਬਾਗ ਇਹ ਦੂਣ ਸਵਾਇਆ
ਜਲ ਥਲ ਤੇ ਖੁਸ਼ਬੋਆਂ ਫੈਲਣ
ਜਗ ਜਾਵੇ ਨਸ਼ਿਆਇਆ।
ਇੱਕੋ ਚਿਣਗ ਸੱਚ ਦੀ ਭੜਕੇ
ਨ੍ਹੇਰ ਦੇ ਪਾਖੋਵਾੜੇ ਫੂਕੇ
ਅੰਬਰਾਂ ਉੱਤੇ ਬਿਜਲੀ ਬਣ ਬਣ ਸ਼ੂਕੇ
ਵਣ ਤਣ ਹੋਵੇ ਨੂਰ ਦੀ ਵਰਖਾ
ਸਮੇਂ ਦਾ ਪਲਟੇ ਪਾਸਾ
ਕਾਲਖ ਮਨ ਦੀ ਅਤੇ ਮਗ਼ਜ਼ ਦੀ
ਰਹੇ ਨਾ ਰੱਤੀ ਮਾਸਾ।