ਸੂਰਜ-ਚੰਨ ਨੂੰ ਪਿਆਰ ਕਰਾਂ ਮੈਂ

ਸੂਰਜ-ਚੰਨ ਨੂੰ ਪਿਆਰ ਕਰਾਂ ਮੈਂ 'ਆਰਿਫ਼' ਦਿਲੋਂ ਬ ਜਾਨੋਂ ।

ਫੇਰ ਵੀ ਕਿਉਂ ਨਹੀਂ ਉਹ ਕਰਦੇ, ਨ੍ਹੇਰਾ ਮਿਰੇ ਜਹਾਨੋਂ ।

ਵਿਛੜੇ ਸੱਜਣ ਜੱਗ ਵਿੱਚ ਕੀਹਨੇ, ਦੇਖੇ ਮੁੜ ਕੇ ਆਉਂਦੇ,

ਤੀਰ ਉਹ ਸਦਾ ਦੁਰਾਡੇ ਡਿੱਗੇ, ਨਿਕਲੇ ਜਿਹੜਾ ਕਮਾਨੋਂ ।

ਪੱਥਰ ਉੱਤੇ ਲੀਕ ਸਮਝ ਤੂੰ, ਮੇਰੇ ਏਸ ਬਚਨ ਨੂੰ,

ਅਣਖੀ ਕਦੇ ਉਹ ਕੌਲ ਨਾ ਹਾਰਨ, ਕੱਢਣ ਜਦੋਂ ਜ਼ਬਾਨੋਂ ।

ਉਹਦੇ ਨਾਂ ਦੇ ਹਰਫ਼ ਮੈਂ ਖੁਰਚਾਂ, ਦਿਲ ਦੀ ਤਖ਼ਤੀ ਉੱਤੋਂ,

ਪਰ ਉਹ ਅਚਰਜ ਖ਼ਿਆਲ ਏ ਜਿਹੜਾ ਲਹਿੰਦਾ ਨਹੀਂ ਧਿਆਨੋਂ ।

ਮੈਨੂੰ ਪਤਾ ਪਛਾਣ ਸਕੇ ਨਾ ਉਹਦੀ ਅੱਖ ਦਾ ਚਾਨਣ,

'ਵਾਜ ਨਾ ਮਾਰੀ ਮੈਂ ਰਸਤੇ ਵਿੱਚ ਉਹਨੂੰ ਏਸ ਗੁਮਾਨੋਂ ।

ਮੈਂ ਜਦ ਉਹਦਾ ਦਰ ਖੜਕਾਇਆ, ਇਕ ਦਰਦੀ ਪਰਛਾਵਾਂ,

ਨੈਣਾਂ ਦੇ ਵਿੱਚ ਹੰਝੂ ਲੈ ਕੇ ਆਇਆ ਬਾਹਰ ਮਕਾਨੋਂ ।

ਸ਼ਾਲਾ ਰਹਿਣ ਸਲਾਮਤ 'ਆਰਿਫ਼' ਮੇਰੇ ਪਿੰਡ ਦੇ ਵਾਸੀ,

ਮਰਨੋਂ ਮਰ ਜਾਂਦੇ ਨੇ ਜਿਹੜੇ ਨੱਸਦੇ ਨਹੀਂ ਮੈਦਾਨੋਂ ।

📝 ਸੋਧ ਲਈ ਭੇਜੋ