ਸੂਰਜ ਖਿੱਚ ਲਿਆਣ ਦਾ ਵਾਅਦਾ ਕੀਤਾ ਏ

ਸੂਰਜ ਖਿੱਚ ਲਿਆਣ ਦਾ ਵਾਅਦਾ ਕੀਤਾ ਏ ।

ਮੈਂ ਧਰਤੀ ਰੁਸ਼ਣਾਣ ਦਾ ਵਾਅਦਾ ਕੀਤਾ ਏ ।

ਮੈਂ ਦੁੱਖਾਂ ਦੀ ਗਠੜੀ ਤੱਕ ਕੇ ਨਹੀਂ ਡਰਦਾ,

ਤੂੰ ਜੋ ਹੱਥ ਪਵਾਣ ਦਾ ਵਾਅਦਾ ਕੀਤਾ ਏ ।

ਜਦ ਤੱਕ ਸਾਹ ਨੇ ਆਪਣੀ ਗੱਲ ਤੇ ਕਾਇਮ ਹਾਂ,

ਤੂੰ ਮੈਨੂੰ ਭੁੱਲ ਜਾਣ ਦਾ ਵਾਅਦਾ ਕੀਤਾ ਏ ।

ਮਾਰੂ ਪਾਲੇ ਆਏ, ਯਾਦ ਕਰਾ ਦੇਵਾਂ,

ਤੂੰ ਇਸ ਰੁੱਤੇ ਆਣ ਦਾ ਵਾਅਦਾ ਕੀਤਾ ਏ ।

ਤੈਨੂੰ ਖੁੱਲ੍ਹ ਏ, ਛੱਡਦੇ, ਭੁੱਲ ਜਾ, ਚੇਤੇ ਰੱਖ,

ਮੈਂ ਤੇ ਤੋੜ ਨਿਭਾਣ ਦਾ ਵਾਅਦਾ ਕੀਤਾ ਏ ।

ਖ਼ਤ, ਤਸਵੀਰਾਂ, ਲਾਕਟ, ਸੌਂਹ ਈ ਭੁੱਲੀਂ ਨਾ,

ਕੱਲ ਤੱਕ ਤੂੰ ਪਰਤਾਣ ਦਾ ਵਾਅਦਾ ਕੀਤਾ ਏ ।

ਯਾਦਾਂ ਤੇ ਧੁਰ ਅੰਦਰੋਂ ਸੁਰੰਗ ਬਣਾਉਂਦੀਆਂ ਨੇ,

ਤੂੰ ਦਿਲ ਨੂੰ ਸਮਝਾਣ ਦਾ ਵਾਅਦਾ ਕੀਤਾ ਏ ।

ਧੁੱਪਾਂ 'ਸ਼ਾਦ' ਚੁਫ਼ੇਰੇ ਵਲਗਣ ਵਲ ਦਿੱਤੀ,

ਜਦ ਵੀ ਬੋਹੜ ਉਗਾਣ ਦਾ ਵਾਅਦਾ ਕੀਤਾ ਏ ।

📝 ਸੋਧ ਲਈ ਭੇਜੋ