ਸੂਰਜ ਮੇਰਾ ਰੂਪ ਚੁਰਾਵੇ

ਸੂਰਜ ਮੇਰਾ ਰੂਪ ਚੁਰਾਵੇ, ਚੰਨ ਮੈਥੋਂ ਸ਼ਰਮਾਵੇ

ਮੈਂ ਰੁਸ਼ਨਾਈ ਮੇਰੇ ਕੋਲੋਂ, ਕਾਲਖ਼ ਸੰਗਦੀ ਜਾਵੇ

ਸਾਉਲਾ, ਕਾਲਾ ਕਿਹੜੇ ਪੱਖੋਂ, ਮਿੱਥਿਆ ਜਾਵੇ ਕੋਝਾ,

ਕਿਉਂ ਮੇਰਾ ਪਰਛਾਵਾਂ ਮੈਥੋਂ, ਆਪਣਾ ਆਪ ਚੁਰਾਵੇ

ਮੰਜ਼ਿਲ ਭੁੱਲੇ, ਰਾਹਵਾਂ ਭੁੱਲੇ, ਭੁੱਲ ਜਾਵੇ ਰਫ਼ਤਾਰਾਂ,

ਮੇਰੇ ਸੰਗ ਟੁਰੇ ਉਹ ਜਿਹੜਾ, ਆਪਣੀ ਧੂੜ ਉਡਾਵੇ

ਪੁਰੇ ਦੀ 'ਵਾ ਵਿਚ ਖ਼ੁਸ਼ਬੂ ਵਾਂਗੂੰ, ਚਾਰ-ਚੁਫ਼ੇਰੇ ਖਿਲਰਾਂ,

ਪਰਬਤ ਵਾਂਗ ਖਲੋ ਜਾਵਾਂ ਜੇ, ਝੱਖੜ ਨੇੜੇ ਆਵੇ

ਮੇਰਾ ਅਣਖੀ ਦਿਲ ਆਪਣਾ ਵੀ, ਬੂਹਾ ਨਹੀਂ ਖੜਕਾਉਂਦਾ,

ਗ਼ੈਰ ਦੇ ਦਰ ਤੇ ਫੇਰ ਕਿਵੇਂ ਇਹ ਆਪਣਾ ਸ਼ੀਸ਼ ਨਿਵਾਵੇ

ਏਸ ਜਹਾਨ ਦੀ ਰੀਤ ਪੁਰਾਣੀ ਇਹਨੂੰ ਚੇਤੇ ਰੱਖੀਂ,

ਜਿਹੜਾ ਸ਼ੀਸ਼ਾ ਬਣ ਕੇ ਜੀਵੇ, ਪਲ-ਪਲ ਪੱਥਰ ਖਾਵੇ

ਬਾਗ਼ ਦੇ ਪਿਆਰ ਦਾ ਦਾਅਵਾ 'ਆਰਿਫ਼' ਮੁੱਢੋਂ ਉਸ ਨੂੰ ਫ਼ਬਦਾ

ਜਿਹੜਾ ਉਹਦੇ ਇਕ-ਇਕ ਫੁੱਲ ਨੂੰ ਆਪਣੀ ਰੱਤ ਪਿਆਵੇ

📝 ਸੋਧ ਲਈ ਭੇਜੋ