ਸੂਰਜ ਤੇ ਅੰਗਿਆਰੇ ਵਾਂਗੂੰ

ਸੂਰਜ ਤੇ ਅੰਗਿਆਰੇ ਵਾਂਗੂੰ ਤੇਰੀ ਅਥਰੀ ਪਰੀਤ ।

ਰੂਹਾਂ ਦਾ ਚਾਨਣ ਤੇ ਹੁੰਦੈ ਸੱਜਣਾ ਠੰਡਾ ਸੀਤ ।

ਰੱਬ ਜਾਣੇ ਕਿਉਂ ਮੇਰੀਆਂ ਅੱਖੀਆਂ ਦੇ ਸੋਮੇ ਫੁੱਟ ਪੈਣ,

ਜਦ ਵੀ ਕੋਈ ਪ੍ਰੇਮੀ ਛੇੜੇ ਪੀਆ ਮਿਲਣ ਦੇ ਗੀਤ ।

ਸਭ ਆਸਾਂ ਸੱਧਰਾਂ ਲੁਟਵਾ ਕੇ ਇਹ ਦਿਲ ਜਾਪੇ ਇੰਜ,

ਉਜੜੇ-ਪੁਜੜੇ ਪਿੰਡ ਦੇ ਅੰਦਰ ਸੁੰਜੀ ਜਿਵੇਂ ਮਸੀਤ ।

ਜਿਉਂ ਜਿਉਂ ਪੈਰ ਵਧਾਏ ਤੈਂ ਵਲ, ਤਿਉਂ ਤਿਉਂ ਹੋਏ ਦੂਰ,

ਨਿੰਮੋਝਾਈਆਂ ਆਸਾਂ ਉੱਤੇ ਗਈ ਹਿਆਤੀ ਬੀਤ ।

ਵਾਛੜ ਦੇਖ ਕੇ ਦਰਦ ਗ਼ਮਾਂ ਦੀ, ਦਿਲਾ ਨਾ ਤੂੰ ਘਬਰਾ,

ਸੋਜ਼ ਬਿਨਾਂ ਤੇ ਅਸਰ ਨਹੀਂ ਕਰਦਾ, ਕਦੇ ਵੀ ਸੁਰ ਸੰਗੀਤ ।

ਖਿੜਿਆ ਫੁੱਲ ਤੇ ਭੋਰੇ ਲੱਗ ਪਏ, ਆਪਣੀ ਪੀਤ ਜਿਤਾਨ,

ਮੁਰਝਾਇਆ ਤੇ ਕਦੀ ਨਾ ਕੀਤੀ ਕਿਸੇ ਵੀ ਪੁੱਛ ਪਰਤੀਤ ।

ਭੁੱਲਕੇ 'ਸ਼ੈਦਾ' ਸਮਝ ਲਿਆ ਤੂੰ 'ਤੁੰਮੇ' ਨੂੰ 'ਤਰਬੂਜ਼',

ਕੌਣ ਕਿਸੇ ਦਾ ਬੇਲੀ ਏਥੇ ਕੌਣ ਕਿਸੇ ਦਾ ਮੀਤ ।

📝 ਸੋਧ ਲਈ ਭੇਜੋ