ਸੂਰਜ ਵਾਂਗੂੰ ਧਰਤੀ ਉੱਤੇ ਰੋਸ਼ਨੀਆਂ ਵਰਤਾਵਾਂ ।
ਵਸ ਚੱਲੇ ਤੇ ਘੁੱਪ ਹਨ੍ਹੇਰੀਆਂ ਰਾਤਾਂ ਨੂੰ ਅੱਗ ਲਾਵਾਂ ।
ਸਾਥ ਨਿਭਾਣ ਦੀ ਥਾਂ ਜੋ ਹੋਵਣ ਦੁਸ਼ਮਣ ਨਾਲ ਖਲੋਤੇ,
ਆਪਣੇ ਐਸੇ ਸੱਜਣਾਂ ਨੂੰ ਮੈਂ ਕਿਹੜੇ ਖਾਤੇ ਪਾਵਾਂ ।
ਪਿਛਲੇ ਮੌਸਮ ਦੇ ਵਿਚ ਵੀ ਸੀ ਇਹ ਅਨਹੋਣੀ ਹੋਈ,
ਜੁਰਮਾਂ ਵਾਲਿਆਂ ਨੇ ਦਿੱਤੀਆਂ ਬੇਜੁਰਮਾਂ ਤੀਕ ਸਜ਼ਾਵਾਂ ।
ਸ਼ਹਿਰਾਂ ਦੇ ਵਿਚ ਅੱਗ ਤੇ ਲਹੂ ਦੀ ਬਾਰਸ਼ ਹੁੰਦੀ ਤੱਕ ਕੇ,
ਜਸ਼ਨ ਮਨਾਵਣ ਵਾਲਿਆ ਕੀਵੇਂ ਤੇਰਾ ਸਾਥ ਨਿਭਾਵਾਂ ।
ਜੇਕਰ ਪੈਸੇ ਹੋਵਣ ਮੇਰੇ ਕੋਲ ਕਿਤਾਬਾਂ ਜੋਗੇ,
ਕੁਲਫ਼ੀਆਂ ਵੇਚਣ ਦੀ ਥਾਂ ਪੁੱਤਰ ਨੂੰ ਅਸਕੂਲ ਘੱਲਾਵਾਂ ।
ਮੁਨਸਫ਼ ਹੀ ਜਦ ਡਾਕੂ ਹੋਵੇ, ਤੇ ਫਿਰ ਦੱਸ ਖ਼ਾਂ 'ਅਨਵਰ',
ਆਪਣੇ ਲੁੱਟਿਆ ਜਾਵਣ ਦਾ ਮੈਂ ਕੀਹਨੂੰ ਹਾਲ ਸੁਨਾਵਾਂ ।