ਸੂਰਜ ਵਰਗੇ ਮੁੱਖ ਦੇ ਸਾਹਵੇਂ ਸ਼ੀਸ਼ਾ ਧਰਕੇ ਅੱਖੀਆਂ ਦਾ
ਦਿਲਾ ਓੜਕ ਛੱਡਿਆ ਈ ਨਾ ਕੂੰਡਾ ਕਰਕੇ ਅੱਖੀਆਂ ਦਾ
ਤੇਰੇ ਬਾਝੋਂ ਡੰਗਦੇ ਸਨ ਜਦ ਚੰਨਾ ਪਾਲ਼ੇ ਹਿਜਰਾਂ ਦੇ
ਨੀਲਾ ਕਾਲ਼ਾ ਹੋ ਜਾਂਦਾ ਸੀ ਜੁੱਸਾ ਠਰ ਕੇ ਅੱਖੀਆਂ ਦਾ
ਖ਼ੌਰੇ ਕਿੰਜ ਕਿੰਜ ਫੁੱਲ ਖੁਸ਼ਬੂਆਂ ’ਕੱਠੀਆਂ ਕਰ ਕੇ ਤੇਰੇ ਲਈ
ਸਾਰਾ ਦਿਨ ਮੈਂ ਬੈਠਾ ਰਹਿਨਾ ਵਿਹੜਾ ਭਰ ਕੇ ਅੱਖੀਆਂ ਦਾ
ਕਹਿੰਦਾ ਸੀ ਜੋ ਸੱਜਣਾ ਮੈਨੂੰ ਭੋਰਾ ਡਰ ਨਈਂ ਲੋਕਾਂ ਦਾ
ਓਸੇ ਬੂਹਾ ਢੋਅ ਲਿਆ ਏ ਅੱਜ-ਕੱਲ੍ਹ ਡਰ ਕੇ ਅੱਖੀਆਂ ਦਾ
ਐਂਵੇ ਤੇ ਨਈਂ ‘ਸੰਧੂ’ ਇੱਕ ਇੱਕ ਛੱਲ ਵਿਚ ਡੁੱਬਿਆ ਫਿਰਨਾ ਵਾਂ
ਮੈਂ ਇਕ ਦਰਿਆ ਵੇਖ ਲਿਆ ਸੀ ਅੱਖੀਂ ਤਰ ਕੇ ਅੱਖੀਆਂ ਦਾ