ਮੈਂ ਨਾਇਕ ਹੋਣ ਦਾ ਦਾਅਵਾ
ਭਲਾ ਦੱਸੋ ਕਦੋਂ ਕੀਤਾ ?
ਪਰ ਇਸ ਦੁਖਾਂਤ ਨਾਟਕ ਵਿੱਚ
ਮੇਰਾ ਕੋਈ ਰੋਲ ਤਾਂ ਬਣਦੈ
ਤੁਸੀਂ ਵੀ ਮੰਨਦੇ ਜਿਸ ਨੂੰ
ਜਦੋਂ ਹੱਸ ਕੇ ਤੁਸੀਂ ਮੈਨੂੰ
ਹੋ ਸੂਤਰਧਾਰ ਕਹਿ ਦਿੰਦੇ।
ਤੁਹਾਡੀ ਭੂਮਿਕਾ ਵੀ ਅਹਿਮ
ਨਹੀਂ ਮੈਂ ਏਸ ਤੋਂ ਮੁਨਕਰ,
ਤੁਸੀਂ ਇਸ ਨਾਟ ਅੰਦਰ
ਬੜੇ ਹੀ ਟੇਢੇ ਵਿਦੂਸ਼ਕ ਹੋ
ਜਾਂ ਗੁੰਝਲਦਾਰ ਖਲਨਾਇਕ
ਜਿਨ੍ਹਾਂ ਨੇ ਨਾਇਕ ਦੇ ਹਰ ਕਰਮ ਦਾ
ਹਾਸਾ ਉਡਾਉਣਾ ਹੈ
ਜਾਂ ਫਿਰ ਨਾਟ ਵਿਚਲੀ ਤ੍ਰਾਸਦੀ ਨੂੰ
ਜਰ੍ਹਬ ਹੈ ਦੇਣੀ।
ਸਮਾਂ ਤੇ ਦ੍ਰਿਸ਼ ਬਦਲਣ ਤੋਂ
ਜਦੋਂ ਪਾਰਟ ਨਵਾਂ ਮਿਲਿਆ
ਚੁਣੌਤੀ ਸਮਝ ਕੇ ਇਸ ਨੂੰ
ਮੈਂ ਤਾਂ ਭੂਮਿਕਾ ਨਾਇਕ ਦੀ ਵੀ
ਸਵੀਕਾਰ ਕਰ ਲੈਣੀ
ਤੁਸੀਂ ਪਰ ਸ਼ਰਮ ਦੇ ਮਾਰੇ
ਸੂਤਰਧਾਰ ਨਹੀਂ ਬਣਨਾ