ਸਪੀਕਰ ਦੀ ਇਕ ਅਨਾਊਂਸਮੈਂਟ 'ਤੇ
ਬੱਚਿਆਂ ਨੂੰ ਕੁੱਛੜ ਚੱਕ
ਹਸਦੇ ਵਸਦੇ ਘਰਾਂ ਨੂੰ
ਅਲਵਿਦਾ ਕਹਿਣਾ ਸੌਖਾ ਨਹੀ ਹੁੰਦਾ
ਜੁੱਤੀ ਨੂੰ ਹੱਥ 'ਚ ਫ਼ੜ੍ਹ
ਅਣਜਾਣ ਜੇਹੀ ਮੰਜ਼ਿਲ ਵੱਲ
ਟੁਰ ਪੈਣਾ ਖਬਰੇ ਕਿਥੋਂ ਦੀ ਰੀਤ ਹੈ?
ਕਿਸ ਕਿਤਾਬ ਦਾ ਅਧਿਆਇ ਹੈ?
ਬੇਜਾਨ ਭੁੱਖੇ-ਪਿਆਸੇ ਮਾਲ-ਡੰਗਰ ਨੂੰ
ਖੁਰਲੀਆਂ ਤੇ ਬੱਝਿਆਂ ਵਿਲਕਦੇ ਛੱਡ
ਘਰਾਂ ਵੱਲ ਆਖਿਰੀ ਨਜ਼ਰ ਮਾਰ
ਪਿਆਸੀ ਜੇਹੀ ਰੀਝ
ਲੜ੍ਹ ਬੰਨ੍ਹ ਰਾਹ ਮੱਲ ਲੈਣੇ
ਕਿਸੇ ਦਿਲ ਦੀ ਬਰੂਹ ਤੇ ਨਹੀਂ ਲਿਖਿਆ ਦਿਸਦਾ
ਪਲਕਾਂ ਨੂੰ ਰੋਣ ਵੀ ਨਾ ਦੇਣਾ
ਹੰਝੂਆਂ ਨੂੰ ਚੋਣ ਵੀ ਨਾ ਦੇਣਾ
ਕਿਹੜੇ ਰੁੱਖ ਦੀ ਟਹਿਣੀ 'ਤੇ ਟੰਗਿਆ ਹੈ
ਜੇ ਕਿਤੇ ਹਕੂਮਤ ਇਕ ਦਿਨ ਸੱਤਾ ਛੱਡ ਦੇਵੇ
ਕੁਰਬਾਨ ਹੋ ਜਾਣ ਲੋਕ
ਇਹ ਤਾਂ ਦੱਸ ਕਿ
ਕਿੱਥੇ ਪਨਾਹ ਲੈਣੀ ਸੀ ਮੇਰੇ ਸਕੇ ਭਰਾਵਾਂ ਨੇ
ਕਿਹੜੇ ਪਿੰਡ ਰਾਹ ਭੁੱਖੇ ਪੇਟ ਲਈ ਖੜ੍ਹੇ ਸਨ ਛਾਵਾਂ ਕਰਨ
ਓਸ ਦਿਨ ਕਿਹਨੇ ਪੁੱਛਿਆ ਹੋਵੇਗਾ ਪਾਣੀ ਧਾਣੀ
ਤੇ ਪੱਠਿਆਂ ਦਾ ਰੁੱਗ
ਮੇਰੀਆਂ ਪਿਆਸੀਆਂ ਤਰਿਹਾਈਆਂ ਮੱਝਾਂ ਗਾਵਾਂ ਨੂੰ
ਕਿੱਥੋਂ ਆਇਆ ਹੋਵੇਗਾ ਦੁੱਧ
ਮੇਰੇ ਨਵੇਂ ਜਨਮੇਂ ਵੱਛੇ ਦੀ ਭੁੱਖੀ ਪਿਆਸੀ ਮਾਂ ਦੇ ਥਣਾਂ 'ਚ
ਰੋਂਦੇ ਵਿਲਕਦੇ ਬਾਲ
ਘਰਾਂ ਵੱਲ ਵਾਰ ਵਾਰ ਉਂਗਲੀਆਂ ਕਰ ਕਰ ਤੱਕ ਰਹੇ ਸਨ
ਪੁੱਛ ਰਹੇ ਸਨ
ਬਾਪੂ ਕਿੱਥੇ ਚੱਲੇ ਹੋ?
ਕਿਉਂ ਚੱਲੇ ਹੋ ਘਰਾਂ ਨੂੰ ਛੱਡ ਕੇ?
ਓਸ ਪਲ ਅੰਬਰ ਚੋਇਆ ਸੀ
ਹਨ੍ਹੇਰੀ ਵਗੀ ਸੀ ਕਾਲੀ ਉਹਨਾਂ ਪਿੰਡਾਂ 'ਤੇ
ਜਵਾਨ ਹੋਈਆਂ ਫ਼ਸਲਾਂ ਨੇ ਸਿਸਕੀਆਂ ਭਰੀਆਂ ਸਨ
ਹਾਉਕੇ ਨਹੀਂ ਸੀ ਸਾਂਭੇ ਜਾਂਦੇ ਦੁਪਹਿਰ ਦੇ
ਝੋਨੇ ਦੇ ਰਿਜ਼ਕ ਭਰੇ ਸਿੱਟੇ ਡੁਸਕੇ ਸਨ
ਓਸ ਦਿਨ ਸਿਖ਼ਰ ਦੁਪਹਿਰੇ
ਸੂਰਜ ਮਰਿਆ ਸੀ ਸਾਡੇ ਪਿੰਡ
ਰਾਤ ਨਹੀਂ ਸੀ ਪਈ ਓਸ ਸ਼ਾਮ
ਧੀਆਂ ਪੁੱਤਾਂ ਵਾਂਗ ਪਾਲ਼ੀ ਫ਼ਸਲ ਨੂੰ ਸੱਖਣਾ ਛੱਡ
ਬੇਵਜ੍ਹਾ ਬੇਗੁਨਾਹ ਰਾਹਾਂ ਦੇ ਹਾਣ ਦੇ ਹੋ ਜਾਣਾ
ਜੇ ਕਿਸੇ ਇਤਿਹਾਸ 'ਚ ਲਿਖਿਆ ਹੈ
ਤਾਂ ਮੈਂ ਓਸ ਤਾਰੀਖ਼ ਦੇ ਵਰਕੇ ਪਾੜ ਦੇਵਾਂਗਾ
ਓਸ ਨਿਜ਼ਾਮ ਨਾਲ ਮੈਂ ਲਵਾਂਗਾ ਲੋਹਾ
ਜੋ ਮੇਰੇ ਵਸਦੇ ਖਿੜੇ ਵਿਹੜੇ ਨੂੰ
ਹੁਕਮ ਦਿੰਦਾ ਹੈ
ਪੈਲੀਆਂ ਨੂੰ ਫ਼ੌਜੀ ਬੂਟਾਂ ਦੇ ਹਵਾਲੇ ਕਰਦਾ ਹੈ
ਘਰਾਂ 'ਚ ਜੂਠੇ ਪਏ ਛੰਨੇ ਛੱਡ
ਅਣਸੁੱਕੇ ਕੱਪੜੇ ਲਪੇਟ
ਸੁੱਕੇ ਟੁੱਕ ਬੰਨ੍ਹ ਜੇ ਕਿਸੇ ਨੂੰ ਮਨਜ਼ੂਰ ਹੈ
ਤਾਂ ਮੈਨੂੰ ਨਹੀਂ ਚਾਹੀਦਾ ਇਹੋ ਜੇਹਾ ਨਿਜ਼ਾਮ
ਸਾਨੂੰ ਤਾ ਅਜੇ 1947, 65,71 ਦੇ ਜ਼ਖ਼ਮ ਨਹੀਂ ਭੁੱਲੇ
ਲੜਾਈ ਜਾਂ ਜੰਗ
ਜੇ ਕਿਸੇ ਮਸਲੇ ਦਾ ਹੱਲ ਹੁੰਦੇ ਤਾਂ
ਅੱਜ ਦੁਨੀਆਂ ਨਾ ਵਸਦੀ
ਅੰਬਰਾਂ 'ਤੇ ਸਿਤਾਰੇ ਨਹੀਂ ਸੀ ਹੋਣੇ
ਚੱਲ ਤੈਨੂੰ ਵਿਖਾਵਾਂ
ਘਰੀਂ ਛੱਡ ਕੇ ਆਏ
ਹੱਥ ਛੁਹਾਂ ਨੂੰ ਤਰਸਦੇ ਅਣਮਾਂਜੇ ਬਰਤਨ
ਡੱਠੇ ਮੰਜੇ ਤੇ ਅਣਕੱਠੇ ਕੀਤੇ ਬਿਸਤਰੇ
ਚਾਟੀਆਂ 'ਚ ਰਹਿ ਗਈਆਂ ਅਣਪੀਤੀਆਂ ਲੱਸੀਆਂ
ਕੌਲੀ 'ਚ ਰਹਿ ਗਈ ਅਣਖਾਧੀ ਦਾਲ
ਵਿਹੜੇ 'ਚ ਰੁੜ੍ਹਦਾ ਖਾਲੀ ਗਲਾਸ
ਜਿਸ 'ਚੋਂ ਅਜੇ ਵੀ ਚਾਹ ਦੇ ਘੁੱਟ ਕਿਰ ਰਹੇ ਹਨ
ਅਸਮਾਨ 'ਚ ਕਿਤੇ ਵੀ ਜੰਗ ਦੇ ਬੱਦਲ ਨਹੀਂ ਸਨ
ਪਰ ਲੋਕਾਂ ਦੇ ਮਨਾਂ 'ਚ ਮਣਾਂਮੂੰਹ ਸਹਿਮ ਵਸਾ ਦਿਤਾ
ਸਪੀਕਰ ਦੀ ਇਕ ਅਨਾਊਂਸਮੈਂਟ ਨੇ
ਪਤਾ ਨਹੀਂ ਕਿੰਨਾ ਕੁਝ ਅੰਦਰੋਂ ਗੁਆ ਦਿਤਾ
ਹਰ ਦਰ ਤੇ ਤੌਖਲੇ ਪਾ ਸੁੱਕਣੇ
ਹਰ ਬੂਹਾ ਚੁੱਪ ਕਰਾ ਦਿਤਾ