ਮਾਨਵਤਾ ਦਾ ਦਰਪਣ ਹੈ ਹਰਿਮੰਦਰ ਸਾਹਿਬ !
ਮਾਨਵਤਾ ਨੂੰ ਅਰਪਣ ਹੈ ਹਰਿਮੰਦਰ ਸਾਹਿਬ !
ਭਵ-ਸਾਗਰ ਦਾ ਤਾਰਣ ਹੈ ਹਰਿਮੰਦਰ ਸਾਹਿਬ !
ਇਕ ਅਨਮੋਲ ਉਦਾਹਰਣ ਹੈ ਹਰਿਮੰਦਰ ਸਾਹਿਬ !
ਦਸ-ਗੁਰੂਆਂ ਦਾ ਦਰਸ਼ਣ ਹੈ ਹਰਿਮੰਦਰ ਸਾਹਿਬ !
ਮਸਤੀ ਭਰਿਆ ਸਿਮਰਣ ਹੈ ਹਰਿਮੰਦਰ ਸਾਹਿਬ !
ਨੂਰੋ-ਨੂਰ ਸਮਰਪਣ ਹੈ ਹਰਿਮੰਦਰ ਸਾਹਿਬ !
ਕਿਰਤ-ਕਲਾ ਦਾ ਮਿਸ਼ਰਣ ਹੈ ਹਰਿਮੰਦਰ ਸਾਹਿਬ !
ਜੋ ਵੀ ਨਾਤਾ ਜੋੜੇ ਧੰਨ-ਉਪਮਾ ਨਾ ਲੋੜੇ ,
ਇਕ ਅਦਭੁੱਤ ਵਿਸ਼ੇਸ਼ਣ ਹੈ ਹਰਿਮੰਦਰ ਸਾਹਿਬ !
ਜਾਤਾਂ-ਪਾਤਾਂ ਦੇਖੇ ਨਾ ਇਹ ਰੂਪ ਕਿਸੇ ਦਾ,
ਸਭ ਨੂੰ ਵੰਡਦਾ ਚਾਨਣ ਹੈ ਹਰਿਮੰਦਰ ਸਾਹਿਬ !
ਨਾਮ ਸਿਮਰਨਾ, ਕਿਰਤ ਕਮਾਉਣੀ, ਵੰਡ ਕੇ ਛਕਣਾ,
ਬਿਖਰਾਉਂਦਾ ਇਹ ਚਾਨਣ ਹੈ ਹਰਿਮੰਦਰ ਸਾਹਿਬ !
ਜੋ ਵੀ ਦਰਸ਼ਣ ਪਾਵੇ ਬੇ-ਖ਼ੁਦ ਸੀਸ ਝੁਕਾਵੇ,
ਪਾਕ-ਪਵਿੱਤਰ ਪੂਜਣ ਹੈ ਹਰਿਮੰਦਰ ਸਾਹਿਬ !
ਇਸ ਦੇ ਸਾਹਵੇਂ ਚੰਨ-ਸਿਤਾਰੇ ਬੌਣੇ-ਬੌਣੇ,
ਐਸਾ ਇਕ ਸੁਹੱਪਣ ਹੈ ਹਰਿਮੰਦਰ ਸਾਹਿਬ !
ਸੱਤ-ਕਲਾਵਾਂ ਹਰ-ਦਮ ਸੀਸ ਝੁਕਾਈ ਰੱਖਣ,
ਹੁਨਰ ਕਲਾ ਦਾ ਮਿਸ਼ਰਣ ਹੈ ਹਰਿਮੰਦਰ ਸਾਹਿਬ !
ਸੱਤ ਅਜੂਬੇ ਏਦਾਂ ਆਖ ਰਹੇ 'ਇਕਵਿੰਦਰ',
ਇਕ ਬੇਜੋੜ ਆਕਰਸ਼ਣ ਹੈ ਹਰਿਮੰਦਰ ਸਾਹਿਬ !