ਸੁਬ੍ਹਾ ਤੋਂ ਸ਼ਾਮ ਹੋ ਗਈ ਹੁਣ ਤਾਂ ਘਰ ਜਾਣਾ ਹੀ ਬਣਦਾ ਸੀ
ਵਫ਼ਾ ਦੀ ਲਾਟ ਤੋਂ ਭੰਵਰੇ ਦਾ ਡਰ ਜਾਣਾ ਹੀ ਬਣਦਾ ਸੀ
ਮੁਹੱਬਤ ਦੀ ਕਲੀ ਨੂੰ ਮਿੱਧ ਕੇ ਜਦ ਤੁਰ ਗਿਆ ਪੂਰਨ
ਤਾਂ ਡਿਗ ਕੇ ਮਹਿਲ ਤੋਂ ਸੁੰਦਰਾਂ ਦਾ ਮਰ ਜਾਣਾ ਹੀ ਬਣਦਾ ਸੀ
ਉਹ ਅਗਨੀ ਸੀ ਉਹਨੇ ਤਾਂ ਧਰਮ ਬਲ ਕੇ ਹੀ ਨਿਭਾਉਣਾ ਸੀ
ਉਹ ਬੁੱਤ ਸੀ ਮੋਮ ਦਾ ਉਸ ਦਾ ਪਘਰ ਜਾਣਾ ਹੀ ਬਣਦਾ
ਉਹ ਮੰਨਦਾ ਸੀ ਮੁਹੱਬਤ ਅਗਨ ਦਾ ਹੀ ਵੇਗ ਹੈ ਫਿਰ ਵੀ
ਸਿਰੋਂ ਉੱਚੀ ਲਹਿਰ ਤੱਕ ਕੇ ਤਾਂ ਡਰ ਜਾਣਾ ਹੀ ਬਣਦਾ ਸੀ
ਤੂੰ ਦੁਨੀਆਂ 'ਚੋਂ ਮਸਾਂ ਲੱਭਿਆ ਸੀ ਤਿੱਖਾ ਲਿਸ਼ਕਦਾ ਚਾਕੂ
ਤੇ ਚਾਕੂ ਦਾ ਕਲੇਜੇ ਵਿਚ ਉਤਰ ਜਾਣਾ ਹੀ ਬਣਦਾ ਸੀ
ਕਲਮ ਜਦ ਹੋ ਗਈ ਆਕੀ ਤੇ ਨਗ਼ਮੇਂ ਤੁਰ ਗਏ ਰੁਸ ਕੇ
ਫ਼ਿਜ਼ਾ ਵਿਚ ਕੂਕ ਉਸ ਦੀ ਦਾ ਬਿਖਰ ਜਾਣਾ ਹੀ ਬਣਦਾ ਸੀ