ਲੜ ਲੱਗ ਕੇ ਨੀ ਫ਼ੌਜੀ ਦੇ ਸਹੇਲੀਉ

ਬਣ ਗਈ ਮੈਂ ਸੂਬੇਦਾਰਨੀ

ਸਲੂਟ ਰੰਗਰੂਟ ਮਾਰਦੇ

ਜਦੋਂ ਛੌਣੀਆਂ 'ਚੋਂ ਲੰਘਾਂ ਉਹਦੇ ਨਾਲ ਨੀ

ਬਣ ਗਈ ਮੈਂ ਸੂਬੇਦਾਰਨੀ

ਬੈਰਕਾਂ 'ਚ ਧੁੰਮ ਪੈ ਗਈ

ਸੂਬੇਦਾਰਨੀ ਨੇ ਜੱਟੀ ਕਿਤੋਂ ਆਂਦੀ

ਸੱਪਣੀ ਦੀ ਟੋਰ ਟੁਰਦੀ

ਪੈਰੀਂ ਕਾਲੇ ਸਲੀਪਰ ਪਾਂਦੀ

ਪਰੇਟ ਵਾਂਗ ਧਮਕ ਪਵੇ

ਜਦੋਂ ਪੁੱਟਦੀ ਪੰਜੇਬਾਂ ਵਾਲੇ ਪੈਰ ਨੀ !

ਬਣ ਗਈ ਮੈਂ ਸੂਬੇਦਾਰਨੀ

ਹਾਏ ਨੀ ਮੈਂ ਕਿੰਜ ਨੀ ਦੱਸਾਂ

ਉਹਦੀ ਦਿੱਖ ਨੀ ਸੂਰਜਾਂ ਵਾਲੀ

ਗਸ਼ ਪਵੇ ਮੋਰਾਕੀਨ ਨੂੰ

ਤੱਕ ਵਰਦੀ ਫੀਤੀਆਂ ਵਾਲੀ

ਹਿੱਕ ਉੱਤੇ ਵੇਖ ਤਮਗੇ

ਮੇਰਾ ਕੰਬ ਜਾਏ ਮੋਹਰਾਂ ਵਾਲਾ ਹਾਰ ਨੀ

ਬਣ ਗਈ ਮੈਂ ਸੂਬੇਦਾਰਨੀ

ਨੀ ਰੱਬ ਕੋਲੋਂ ਖ਼ੈਰ ਮੰਗਦੀ

ਨਿੱਤ ਉਹਦੀਆਂ ਮੈਂ ਸੁੱਖਾਂ ਨੀ ਮਨਾਵਾਂ

ਮੇਰੇ ਜਹੀਆਂ ਸੱਤ ਜਨੀਆਂ

ਉਹਦੇ ਰੂਪ ਤੋਂ ਮੈਂ ਘੋਲ ਘੁਮਾਵਾਂ

ਨੀ ਮੇਰੀ ਉਹਨੂੰ ਉਮਰ ਲੱਗੇ

ਰਾਖਾ ਦੇਸ਼ ਦਾ ਉਹ ਪਹਿਰੇਦਾਰ ਨੀ

ਬਣ ਗਈ ਮੈਂ ਸੂਬੇਦਾਰਨੀ

📝 ਸੋਧ ਲਈ ਭੇਜੋ