ਤੇਰੇ ਰਾਹਾਂ ਚ ਨੱਚਾਂਗੀ ਭਰੇ ਅਸਮਾਨ ਦੇ ਥੱਲੇ
ਛਣਕਦੀ ਵੰਗ ਤੋਂ ਚੋਰੀ, ਮੈਂ ਆਪਣੀ ਸੰਗ ਤੋਂ ਚੋਰੀ ।
ਵੇ ਮੈਂ ਆਵਾਜ਼ ਵਰਗੀ ਹਾਂ, ਤੇਰੇ ਬੁੱਲ੍ਹਾਂ 'ਚੋਂ ਕਿਰਦੀ ਹਾਂ
ਜੋ ਆਪਣੀ ਬਾਤ ਪਾਉਂਦੇ, ਆਪਣੇ ਪ੍ਰਸੰਗ ਤੋਂ ਚੋਰੀ ।
ਜਹਾਂ ਵਿੱਚ ਸ਼ੋਰ ਕਿੰਨਾ ਹੈ, ਪਤਾ ਨਈਂ ਹੋਰ ਕਿੰਨਾ ਹੈ
ਸਮੇਂ ਦੀ ਅੱਖ ਤੋਂ ਛੁਪ ਕੇ, ਹਵਾ ਦੇ ਰੰਗ ਤੋਂ ਚੋਰੀ ।
ਵੇ ਤੈਨੂੰ ਵੇਖ ਕੇ ਜਲ਼ ਪੈਂਦੀਆਂ, ਮੱਥੇ 'ਚ ਫੁੱਲਝੜੀਆਂ
ਗੁਲਾਬੀ ਪੋਸ਼ ਵੀ ਹੱਸਦੈ, ਮਰਮਰੀ ਅੰਗ ਤੋਂ ਚੋਰੀ ।
ਸੁਲਗਦੇ ਚੇਤਿਓਂ ਕੱਢ ਕੇ, ਤੁਰਾਂਗੀ ਤਪਦੀਆਂ ਕਿਰਨਾਂ
ਵੇ ਮੈਂ ਕਕਰੀਲੀਆਂ ਪੌਣਾਂ ਦੇ ਪੋਹੀ ਡੰਗ ਤੋਂ ਚੋਰੀ ।
ਦਮਾਂ ਦੀ ਢੱਡ ਪਈ ਵੱਜੇ ਤੇ ਮੁੱਠੀ ਜਾਨ ਆ ਜਾਵੇ
ਛਣਕਦੇ ਘੁੰਗਰੂ, ਖੜਤਾਲ ਤੇ ਮਿਰਦੰਗ ਤੋਂ ਚੋਰੀ ।
ਪਹਾੜੀ ਖੁੱਡ ਦੇ ਵਿੱਚੋਂ ਕਦੋਂ ਸੁਬਕੀਲੀਆਂ ਕੂੰਜਾਂ
ਨੇ ਬਚ ਕੇ ਆਉਂਦੀਆਂ ਯਾਰਾ ਚਰਗ ਦੇ ਫੰਗ ਤੋਂ ਚੋਰੀ ।
ਮਿਲਾਂਗੇ ਆਬਸ਼ਾਰੀ ਮੱਸਿਆ ਦੀ ਗੋਦ ਵਿੱਚ ਆਪਾਂ
ਤੂੰ ਆਪਣੇ ਤਖ਼ਤ ਤੋਂ ਚੋਰੀ, ਮੈਂ ਆਪਣੇ ਝੰਗ ਤੋਂ ਚੋਰੀ ।