ਦੁਨੀਆਂ 'ਤੇ ਸੁੱਚਾ ਦੁੱਧ ਹੈ ਮਿਲਦਾ ਮਾਂ ਕੋਲੋਂ ।

ਸੁੱਚੀ ਜਾਗ ਜੋ ਲਾਉਂਦੀ, ਲੈ ਸਾਡੇ ਪਿਓ ਕੋਲੋਂ ।

ਦੁਨੀਆਂ 'ਤੇ ਨਹੀਂ ਤੱਕਿਆ, ਮਾਂ ਜਿਹਾ ਮੈਂ ਮੰਦਿਰ ।

ਤੱਕੀਆਂ ਮਜ਼ਬੂਤ ਮੈਂ ਕੰਧਾਂ, ਮਾਂ ਦੇ ਢਿੱਡ ਅੰਦਰ ।

ਛੱਤ ਮਾਂ ਦੀ, ਮਿੱਟੀ ਦੀ, ਕਦੇ ਨਾ ਚੋਂਦੀ ਸੀ ।

ਦੁਨੀਆਂ ਤੋਂ ਮੈਨੂੰ ਮਾਂ, ਫਿਰਦੀ ਲੁਕਾਉਂਦੀ ਸੀ ।

ਧੁੰਨੀਂ ਸੁਹਣੀ ਮਾਂ ਦੀ, ਰੱਜ ਰੱਜ ਮਾਣ ਲਈ ।

ਰਿੱਝੀ-ਰਝਾਈ ਮਿਲਦੀ, ਜਿੱਥੇ ਖਾਣ ਲਈ ।

ਰੁੱਖੀ-ਮਿੱਸੀ ਖਾ, ਢਿੱਡ ਚਾਹੇ ਭਰਦੀ ਸੀ ।

ਮੇਰੇ ਅੱਗੇ ਨਿੱਤ, ਮਾਂ ਮੇਵੇ ਧਰਦੀ ਸੀ ।

ਮਾਂ ਨੇ ਮੈਨੂੰ ਜਦ, ਦੁਨੀਆਂ ਤੇ ਘੱਲਿਆ ਸੀ ।

ਮੌਤ ਜਿਹੀ ਪੀੜਾ ਨੂੰ , ਉਸਨੇ ਝੱਲਿਆ ਸੀ ।

ਖੂਨ ਨਾਲ ਜਿਸ ਮੇਰੀ, ਕੀਤੀ ਘੜ੍ਹਾਈ ਸੀ ।

ਖੂਨੋ ਖੂਨ ਜਨਮ ਵੇਲੇ, ਤੱਕੀ ਮੈਂ ਮਾਈ ਸੀ ।

ਏਸੇ ਲਈ ਤੇ ਮਾਂ ਜਿਹਾ, ਕੋਈ ਨਾ ਹੋਰ ਵਿਖੇ ।

ਮਾਂ ਨੇ ਜੰਮੀ 'ਸਰਬ', ਤੇ ਕਲਮ ਕਲਾਮ ਲਿਖੇ ।

ਪਹਿਲਾ ਰੁਤਬਾ ਮਾਂ ਦਾ, ਦੂਜਾ ਰੱਬ ਦਾ ਏ ।

ਮਾਂ ਦੇ ਨਾਲ ਦਾ ਹਾਣੀ, ਕਦੇ ਨਾ ਲੱਭਦਾ ਏ ।

📝 ਸੋਧ ਲਈ ਭੇਜੋ