ਮੈਂ ਵੀ ਕ੍ਰਿਸ਼ਨ
ਤੇਰੇ ਦਰਬਾਰ ਚੱਲਕੇ ਆਇਆ ਹਾਂ
ਆਹ ਲੈ ਮੁੱਠ ਚੌਲ
ਮੈਂ ਤੇਰੀ ਭੇਟ ਲਿਆਇਆਂ ਹਾਂ
ਮੈਂ ਕੋਈ ਉਪਮਾ ਦੇ ਗੀਤ
ਗਾਉਣ ਨਹੀਂ ਆਇਆ
ਦੋਸਤੀ ਦਾ ਵਾਸਤਾ ਵੀ
ਪਾਉਣ ਨਹੀਂ ਆਇਆ
ਸੋਨਾ ਤੇ ਚਾਂਦੀ ਵੀ
ਮੈਂ ਨਹੀਂ ਮੰਗਦਾ
ਮੈਂ ਤਾਂ ਸਿਰਫ
ਆਪਣੀ ਹੋਂਦ ਦਿਖਾਉਣ ਆਇਆਂ ਹਾਂ
ਤੇ ਇਤਿਹਾਸ ਵਿਚ
ਆਪਣਾ ਨਾਮ ਲਿਖਵਾਉਣ ਆਇਆਂ ਹਾਂ ।
ਪਰ ਕ੍ਰਿਸ਼ਨ
ਮੈਂ ਉਸ ਥਾਂ ਚਲ ਆਇਆ ਹਾਂ
ਜਿਥੇ ਟੁਕੜਿਆਂ ਦੇ ਬਦਲੇ
ਔਰਤਾਂ ਤੇਰੇ ਚਰਨ ਘੁੱਟਦੀਆਂ ਨੇ
ਤੇ ਜਿਥੇ ਟਕਿਆਂ ਦੇ ਬਦਲੇ
ਸੋਨੇ ਤੇ ਚਾਂਦੀ ਦੇ ਬਦਲੇ
ਤੇਰੇ ਬਾਹਮਣ ਤੇਰੀ ਉਪਮਾ ਲਿਖਦੇ ਨੇ
ਤੇ ਤੈਨੂੰ ਸੋਲਾਂ ਕਲਾ ਸੰਪੂਰਨ ਕਹਿਣ ਦਾ
ਤੇ ਭਗਵਾਨ ਬਣਾਉਣ ਦਾ
ਹਰ ਯਤਨ ਕਰਦੇ ਨੇ
ਇਹ ਤੇਰਾ ਇਤਿਹਾਸ ਲਿਖਦੇ ਨੇ
ਇਹ ਭੁਲੜ ਤੇਰੀ ਮਹਿਮਾ ਦੇ ਮਾਰੇ
ਤੈਨੂੰ ਦਾਨੀ ਸਦਵਾਉਣ ਦੇ ਮਾਰੇ
ਗਰੀਬਾਂ ਦਾ ਰਾਖਾ ਕਹਿਲਾਵਣ ਦੇ ਮਾਰੇ
ਇਤਿਹਾਸ ਵਿਚ ਮੇਰਾ ਨਾਂ ਵੀ ਲਿਖ ਬਹਿਣਗੇ ।
ਪਰ ਮੈਂ ਸੁਦਾਮਾ
ਲੱਖਾਂ ਸੁਦਾਮਿਆਂ ਦਾ ਪ੍ਰਤੀਕ ਹਾਂ
ਤੇਰੇ ਰਾਜ ਅੰਦਰ ਲੁਟੀਂਦਿਆਂ ਦਾ
ਪ੍ਰਤੀਕ ਹਾਂ
ਤੇਰੇ ਰਾਜ ਅੰਦਰ
ਭੁੱਖਿਆਂ ਤੇ ਨੰਗਿਆਂ ਦਾ ਪ੍ਰਤੀਕ ਹਾਂ
ਪਰ ਤੂੰ ਚਾਰ ਪੈਸੇ ਨਾਲ
ਕੱਲੇ ਨੇ ਵਿਰਾਉਣਾ ਚਾਹਿਆ ਹੈ
ਤੇ ਇਤਿਹਾਸ ਵਿਚ
ਮਹਾਂਦਾਨੀ ਲਿਖਵਾਉਣਾ ਚਾਹਿਆ ਹੈ ।
ਪਰ ਕ੍ਰਿਸ਼ਨ
ਦੁਆਪਰ ਬੀਤ ਜਾਵੇਗਾ
ਸਮੇਂ ਅਜਿਹੇ ਵੀ ਆਉਣਗੇ
ਜਦ ਲੋਕਾਂ ਦੇ ਦਿਮਾਗ ਹੋਣਗੇ
ਫਿਰ ਸਭ ਰਾਮ ਕ੍ਰਿਸ਼ਨ ਬੇਨਕਾਬ ਹੋਣਗੇ
ਫਿਰ ਕੋਈ ਕਵੀ ਇਤਿਹਾਸ ਤੇ ਸ਼ੱਕ ਕਰੇਗਾ
ਤੇ ਪੁੱਛੇਗਾ:
ਲੱਖਾਂ ਸੁਦਾਮਿਆਂ ਦੀ
ਮਿਹਨਤਕਸ਼ ਕਾਮਿਆਂ ਦੀ
ਮਿਹਨਤ ਤੇ ਪਲਣ ਵਾਲਾ
ਕੋਈ ਵਿਹਲੜ ਭਗਵਾਨ ਕਿਦਾਂ ਹੋ ਸਕਦਾ?
ਔਰਤ ਨੂੰ ਬੁਰਕੀ ਬਨਾਉਣ ਵਾਲਾ
ਤਿੰਨ ਸੌ ਸੱਠਾਂ ਨੂੰ ਕੱਲਾ ਹੰਢਾਉਣ ਵਾਲਾ
ਭਗਵਾਨ ਕਿਦਾਂ ਹੋ ਸਕਦਾ?
ਫਿਰ ਇਕ ਕਵੀ ਨਹੀਂ
ਜ਼ਮਾਨੇ ਦਾ ਹਰ ਸੋਚਵਾਨ
ਇਤਿਹਾਸ ਨੂੰ ਮਿਥਿਹਾਸ ਕਹੇਗਾ
ਫਿਰ ਸੁਦਾਮਿਆਂ ਦੀਆਂ ਝੁੱਗੀਆਂ 'ਚੋਂ
ਇਕ ਆਵਾਜ਼ ਉੱਠੇਗੀ
ਮਿਲਾਂ 'ਚੋਂ, ਖੇਤਾਂ 'ਚੋਂ
ਆਵਾਜ਼ ਉੱਠੇਗੀ ।
ਬੜਾ ਚਿਰ ਵਿਹਲੜ ਖਾਂਦੇ ਰਹੇ
ਹੁਣ ਤੱਕ ਭਗਵਾਨ ਕਹਾਂਦੇ ਰਹੇ
ਹੁਣ ਇਹਨਾਂ ਦੇ ਭੱਤੇ ਬੰਦ ਕਰੋ
ਇਹਨਾਂ ਦੇ ਭੱਤੇ ਬੰਦ ਕਰੋ ।