ਸੁਫ਼ਨੇ ਦੀ ਪੀਂਘ ਤੇ ਬਹਿ

ਆ ਸੁਫ਼ਨੇ ਦੀ ਪੀਂਘ ਤੇ ਬਹਿ ਕੇ, ਦਿਲ ਦੀ ਜੂਹੇ ਯਾਰਾ ।

ਸਦਕੇ ਵਾਰੀ ਕਰਸਾਂ ਤੈਥੋਂ, ਆਪਣਾ ਰੂਪ ਕਵਾਰਾ ।

ਮੈਂ ਇਕ ਅੱਥਰੂ ਵਾਂਗਰ ਡਿਗਿਆ, ਪੈਰਾਂ ਦੇ ਵਿਚ ਤੇਰੇ,

ਤੂੰ ਤਲੀਆਂ ਤੇ ਚੱਕ ਕੇ ਮੈਨੂੰ, ਕਰਦੇ ਜਗ ਤੋਂ ਭਾਰਾ ।

ਮੇਰੀ ਕੀਮਤ ਦਿਲਬਰ ਤੇਰਾ, ਇਕ ਨਿੰਮਾਂ ਜਿਹਾ ਹਾਸਾ,

ਤੇਰੀ ਕੀਮਤ ਤੇਰੀ ਕਸਮੇਂ ਦੋ ਜੱਗ ਵੀ ਨਹੀਂ ਸਾਰਾ ।

ਊਠਾਂ ਵਾਲੇ ਯਾਰ ਬਣਾ ਕੇ, ਬੂਹੇ ਨੀਵੇਂ ਰੱਖੇ,

ਕੀ ਤੇਰੇ ਤੇ ਹੋਣੀ ਵਰਤੀ, ਕੀਤਾ ਕਿਸ ਇਹ ਕਾਰਾ ।

ਧਰਤੀ ਉੱਤੋਂ ਗਿੱਠ ਗਿੱਠ ਉੱਚੀ, ਫਿਰਦੀ ਚਾਵਾਂ ਪਿੱਟੀ,

ਖ਼ਵਰੇ ਘਰ ਆਇਆ ਸੂ ਕਿਹੜਾ, ਲਾਲਾਂ ਦਾ ਵਣਜਾਰਾ ।

ਸੱਧਰਾਂ ਨੂੰ ਖੜਬਾਨੇ ਦੇ ਕੇ, ਤਾਘਾਂ ਲੁੱਡੀਆਂ ਪਾਵਨ,

ਰੀਝਾਂ ਪਰੀਆਂ ਵਰਗੀਆਂ ਰੋਵਣ, ਤੱਕ ਤੱਕ ਰਾਹ ਦਿਲਦਾਰਾ ।

ਖ਼ਬਰ ਮਿਲੀ ਤਾਂ ਦੱਸ ਕੇ ਜਾਵੀਂ ਉਸ ਦੀ ਜਿਉਣ ਕਹਾਣੀ,

ਤੇਰਾ ਦਿੱਤਾ ਦਰਦ ਕਸੂਤਾ ਜਿਹੜਾ ਕਰੇ ਗਵਾਰਾ ।

ਚੁਗ ਚੁਗ ਤੇਰੀਆਂ ਰਾਹਵਾਂ ਵਿਚੋਂ ਸੂਲਾਂ, ਫੁੱਲ ਖਿਲਾਰਾਂ,

ਮਿੱਟੀ ਦੇ ਵਿਚ ਮਿੱਟੀ ਕਰਲਾਂ, ਜੋਬਨ ਦਾ ਲਿਸ਼ਕਾਰਾ ।

ਗ਼ੁਰਬਤ ਦੀ ਅੱਗ ਅੰਦਰ ਸੜ ਕੇ ਭਾਵੇਂ ਭੜਥਾ ਹੋਇਆ,

ਆਪਣੀ ਅਣਖ ਤੇ ਕਲਮ ਨਹੀਂ ਵੇਚੀ ਵਾਹ ਸੱਚਿਆ ਫ਼ਨਕਾਰਾ ।

ਆਵਣ ਵਾਲੀਆਂ ਨਸਲਾਂ ਤੇਰੇ ਫ਼ਨ ਨੂੰ ਵਿਰਸਾ ਕਹਿਣਾ,

'ਸ਼ਾਕਿਰ' ਆਪਣੇ ਲਈ ਤੂੰ ਭਾਵੇਂ ਛੱਤ ਨਾ ਸਕਿਉਂ ਢਾਰਾ ।

📝 ਸੋਧ ਲਈ ਭੇਜੋ