ਜਦ ਜਦ ਵੀ ਕਿਸਾਨ ਕਾਮੀਆਂ ਨਸਲਾਂ
ਮਿੱਟੀ ਕੋਲ਼ੋਂ ਫਸਲਾਂ ਦੀਆਂ ਦਾਤਾਂ ਸੁਗਾਤਾਂ ਲੈ ਪਰਤਦੀਆਂ ਹਨ
ਤਾਂ ਮਿੱਟੀ ਸਦਕੇ ਵਾਰੀ ਜਾਂਦੀ ਹੈ
ਜਿਵੇਂ ਕੋਈ ਮਾਂ ਆਪਣੇ ਬਾਲ ਨੂੰ
ਦੁੱਧ ਚੁੰਘਾ ਖੀਵੀ ਹੋ ਹੋ ਜਾਂਦੀ ਹੈ
ਜਦ ਕਦੇ ਮਾੜੇ ਮੌਸਮਾਂ
ਔੜ ,ਮੀਂਹ , ਝੱਖੜ ਜਾਂ ਗੜ੍ਹਮਾਰ ਕਾਰਨ
ਮਿੱਟੀ ਆਪਣੇ ਜਾਇਆਂ ਨੂੰ
ਅੰਨ ਰਿਜ਼ਕ ਦੀ ਦਾਤ ਦੇਣੋ ਬੇਵੱਸ ਹੋ ਜਾਂਦੀ ਹੈ
ਤਾਂ ਉਹ ਬਿਹਬਲ ਹੋ ਉੱਠਦੀ ਹੈ
ਕਿ ਉਸਦੀ ਕੁੱਖ ਦੇ ਮਿਹਨਤੀ ਜਾਏ
ਤੇ ਉਹਨਾਂ ਦੇ ਟੱਬਰ-ਟੀਰ
ਫ਼ਾਕੇ ਕੱਟਣਗੇ
ਸਲਫ਼ਾਸਾਂ ਚੱਖਣਗੇ
ਲਿਖੀਆਂ ਲਿਖਾਈਆਂ ਸਾਹਿ-ਚਿੱਠੀਆਂ
ਪਾੜ ਘੱਤਣਗੇ
ਅਜਿਹੇ ਸਮਿਆਂ ਵਿੱਚ
ਮਿੱਟੀ ਨੂੰ ਇੰਜ ਲਗਦਾ ਹੈ
ਜਿਵੇਂ ਉਹ ਅਜਿਹੇ ਦੁੱਧ ਚੁੰਘਦੇ ਬਾਲ ਦੀ
ਕੋਈ ਲਾਚਾਰ ਮਾਂ ਹੋਵੇ
ਜੋ ਉਸ ਤੋਂ ਬਹੁਤ ਦੂਰ ਭੁੱਖ ਨਾਲ਼ ਕੁਰਲਾ ਰਿਹਾ ਹੈ
ਤੇ ਮਾਂ ਦੀਆਂ ਆਂਦਰਾਂ ਨੂੰ ਖੋਹ ਪੈਂਦੀ ਹੈ
ਉਸਦੀਆਂ ਛਾਤੀਆਂ 'ਚੋਂ ਦੁੱਧ ਸਿੰਮ ਸਿੰਮ
ਅਜਾਈਂ ਚੋ ਜਾਂਦਾ ਹੈ
ਬੱਚਾ ਰੋ ਰੋ ਭੁੱਖਣ ਭਾਣਾ ਸੌਂ ਜਾਂਦਾ ਹੈ
ਮਿੱਟੀ ਨੂੰ ਲਗਦਾ ਹੈ
ਉਸਦੀ ਫ਼ਸਲ ਰਿਜ਼ਕ ਬਣੇ ਬਿਨਾ ਹੀ
ਜਾਇਆ ਹੋ ਗਈ
ਉਹ ਬਹੁਤ ਉਦਾਸ ਹੋ ਜਾਂਦੀ ਹੈ
ਪਰ ਕੀ ਕਾਮੇ ਕਿਸਾਨ ਵੀ
ਆਪਣੀ ਮਿੱਟੀ ਮਾਂ ਬਾਰੇ ਇੰਜ ਸੋਚਦੇ ਨੇ ?
ਸ਼ਾਇਦ ਨਹੀਂ
ਉਹ ਤਾਂ ਇਸਨੂੰ ਰਿਜ਼ਕ ਦਾਤੀ ਨਹੀਂ
ਜਿਣਸ ਮਸ਼ੀਨ ਸਮਝਦੇ ਹਨ
ਤਾਹੀਓਂ ਤਾਂ ਉਹ ਫ਼ਸਲ ਕੱਟਣ ਸਾਰ
ਇਸਦੇ ਨਾੜ ਨਾਲ਼ ਹੀ ਮਿੱਟੀ ਦਾ ਨਾੜੂਆ ਸਾੜ ਦਿੰਦੇ ਨੇ
ਫ਼ਾਲਤੂ ਲਾਣ ਪਰਾਲ਼ੀ ਨਾਲ਼
ਇਸਦੀ ਚਿਤਾ ਬਣਾ ਕੇ
ਲਾਂਬੂ ਲਾ ਦਿੰਦੇ ਨੇ
ਤੇ ਜਦ ਮਿੱਟੀ ਤੇ ਉਸਤੇ ਪਲ਼ਦੇ
ਜੀਆਜੰਤ ਮੈਹਣ ਸੜਦਾ ਹੈ
ਤਾਂ ਉਹ ਡਾਡਾਂ ਮਾਰਦੀ ਹੈ
ਰੋਂਦੀ ਕੁਰਲਾਉਂਦੀ ਹੈ
ਤੇ ਡਡਿਆ ਕੇ ਆਪਣੇ ਕਿਸਾਨ ਪੁੱਤਰਾਂ ਵੱਲ
ਬਾਹਾਂ ਉਲਾਰ ਕੇ
ਬਚਾਓ ! ਬਚਾਓ !
ਪੁਕਾਰਾਂ ਪਾਉਂਦੀ ਹੈ
ਪਰ ਇਹ ਚੀਖੋ ਪੁਕਾਰ ਕਿਸੇ ਨੂੰ ਨਹੀਂ ਸੁਣਦੀ
ਕਿਓਂਕਿ ਹਰ ਚੀਕ ਤਨ ਦੇ ਕੰਨ ਨਾਲ਼ ਨਹੀਂ ਸੁਣੀ ਜਾਂਦੀ
ਮਿੱਟੀ ਦੇ ਕਿਸਾਨ ਪੁੱਤਰ
ਜਿੰਦਾ ਬਲ਼ਦੀ ਮਾਂ ਵੱਲ ਪਿੱਠ ਕਰ ਲੈਂਦੇ ਹਨ
ਤੇ ਸਾਰਾ ਆਲਮ ਮਿੱਟੀ ਦੇ ਪਿੰਡੋ ਪਿੰਡ
ਲਟ ਲਟ ਬਲ਼ਦੇ ਸਿਵਿਆਂ ਦੇ ਧੂੰਏਂ ਵਿੱਚ ਗ਼ਰਕ ਹੋ ਜਾਂਦਾ ਹੈ
ਮਿੱਟੀ ਦੀ ਸੱਤਿਆ ਦੀ ਹੱਤਿਆ ਹੋ ਜਾਂਦੀ ਹੈ
ਤੇ ਮਿੱਟੀ ਦੇ ਗਰਭ ‘ਚ ਪਈਆਂ
ਉਤਭੁਜੀ ਅਣਸਾਂ,ਤੇ ਜੀਆ ਜੰਤ ਦਾ
ਜੀਆਘਾਤ ਹੋ ਅੰਤ ਹੋ ਜਾਂਦਾ ਹੈ
ਕਾਮੇ ਕਿਸਾਨ ਆਪਣੀ ਆਦਿ ਸੁਹਾਗਣ ਮਿੱਟੀ ਮਾਂ ਨੂੰ
ਸਤੀ ਕਰਕੇ ਚਲੇ ਜਾਂਦੇ ਹਨ
ਕਿਓਂਕਿ ਹਰ ਚੀਕ ਤਨ ਦੇ ਕੰਨ ਨਾਲ਼ ਨਹੀਂ ਸੁਣੀ ਜਾ ਸਕਦੀ
ਪਤਾ ਨਹੀਂ ਕਿੰਨੇ ਕੁ ਮਜਬੂਰ ਹੋਣਗੇ
ਖੇਤਾਂ ਦੇ ਜਾਏ
ਵਰਨਾ ਕੌਣ ਸਤੀ ਕਰਦਾ ਹੈ
ਆਪਣੀ ਸੁਹਾਗਣ ਮਾਂ ਨੂੰ ।