ਸੂਟ ਨੂੰ ਟਾਕੀ

ਲੋਕੀਂ ਪਹਿਨਣ ਨਵੇਂ ਲਿਬਾਸਾਂ ਜਦ ।

ਅਸਾਂ ਟਾਕੀ ਸੂਟ ਨੂੰ  ਲਾ ਦਿੱਤੀ ।

ਜੁੱਤੀਆਂ ਉਹਨਾਂ ਚੂੰ ਚੂੰ ਚੂਕਦੀਆਂ ।

ਅਸੀਂ ਰੱਸੀ ਸਟੈਪਲ ਪਾ ਦਿੱਤੀ ।

ਉਹਨਾਂ ਹਾਰ ਪਾਏ ਜਦ ਗਲ ਉੱਤੇ ।

ਅਸਾਂ ਮਲਮਲ ਚੁੰਨੀ ਢਕ ਲਿਆ ।

ਉਹਨਾਂ ਰੱਦੀ ਸਮਝ ਕੇ ਸੁੱਟਿਆ ਜੋ ।

ਅਸਾਂ ਝੱਟ 'ਚ ਕਾਇਦਾ ਢਕ ਲਿਆ ।

ਫਿਰ ਮੋਤੀਆਂ ਵਾਂਗਰ ਫੱਟੀ 'ਤੇ ।

ਝੱਟ ਅੱਖਰ ਸਾਰੇ ਲਿਖ ਲਏ ।

ਜਦ ਉਹਨਾਂ ਮਾਰੀ ਝਿੜਕ ਸਾਨੂੰ ।

ਅਸਾਂ ਕਾਇਦਾ ਵਾਪਿਸ ਕਰ ਦਿੱਤਾ ।

ਚੁੱਲ੍ਹੇ ਤੋਂ ਮੰਗ ਸੁਆਹ ਲਈ ।

ਤੇ ਏਕਾ, ਦੂਆ, ਤੀਆ ਸਿੱਖ ਲਿਆ ।

ਅਸੀਂ ਕਰ ਪੜਾਈ ਪਾਸ ਗਏ ।

ਬਣ ਅਫ਼ਸਰ ਕੁਰਸੀ ਬੈਠੇ ਜਦ ।

ਤੇ ਲੋਕਾਂ ਦੇ ਬਣ ਖਾਸ ਗਏ ।

ਪਰ ਇੱਕ ਗੱਲ ਤੁਹਾਨੂੰ ਦੱਸਾਂ ਮੈਂ ।

ਕੱਪੜਿਆਂ 'ਚ ਕਈ ਭੁਲੇਖੇ ਨੇ ।

ਮੈਂ ਮਹਿੰਗੇ ਲਿਬਾਸ 'ਚ ।

ਬੜੇ ਸਸਤੇ ਲੋਕ ਵੇਖੇ ਨੇ ।

ਤਾਂ ਸਸਤੇ ਲਿਬਾਸਾਂ ਵਿੱਚ ।

ਮੈਂ ਮਹਿੰਗੀਆਂ ਰੂਹਾਂ ਜੰਮੀਆਂ ਨੇ ।

ਜਦ ਲੋਕੀਂ ਧੀਆਂ ਮਾਰਦੇ ਸੀ ।

ਤਦ 'ਸਰਬ' ਸ਼ਾਨ ਨਾਲ ਜੰਮੀਆਂ ਨੇ ।

ਹੁਣ ਸੋਚ ਕੇ ਰਿਸ਼ਤੇ ਕਰਾਂਗੇ ।

ਮੁੰਡੇ ਜ਼ਿਆਦਾ, ਧੀਆਂ ਦੀਆਂ ਕਮੀਆਂ ਨੇ ।

ਕਰਨੇ ਹਨ, ਨਖ਼ਰੇ ਕਰਾਂਗੇ ।

ਪੱਬ ਬੋਚ ਬੋਚ ਕੇ ਰੱਖਾਂਗੇ ।

ਹੁਣ ਸੂਝਵਾਨ ਹਾਂ, ਦੁਨੀਆਂ ਤੋਂ ।

ਹੱਕ ਅਪਣਾ ਲੈ ਕੇ ਛੱਡਾਂਗੇ ।

ਨਾਲੇ ਕੁੱਖ ਤੇ ਨਾਲ ਕਿਤਾਬਾਂ 'ਤੇ ।

ਦੁਨੀਆਂ ਬਲਿਹਾਰੀ ਜਾਊਗੀ ।

ਧੀ ਜੰਮੇ ਜਾਂ ਪੁੱਤ ਜੰਮੇ ।

ਮਾਂ ਸਤਿਕਾਰੀ ਜਾਊਗੀ ।

ਕਿਉਂਕਿ ਜਦ ਲੋਕੀਂ ਪਾਉਣ ਲਿਬਾਸਾਂ ਨੂੰ  ।

ਅਸੀਂ ਸੂਟ ਨੂੰ  ਟਾਕੀ ਲਾਈ ਸੀ ।

ਜਦ ਉਹਨਾਂ ਮੌਜਾਂ ਕਰੀਆਂ ਸੀ ।

ਅਸਾਂ ਕੀਤੀ ਤਦ ਪੜ੍ਹਾਈ ਸੀ ।

📝 ਸੋਧ ਲਈ ਭੇਜੋ