ਚੜਿਆ ਏ ਸਾਲ ਨਵਾਂ ਨਵੇਂ ਨਵੇਂ ਰੰਗ ਨੇ
ਖੁਸ਼ੀਆਂ ਮਨਾ ਰਹੇ ਸਾਰੇ ਹੀ ਨਿਸ਼ੰਗ ਨੇ
ਅਸੀਂ ਹਾਂ ਨਾਚੀਜ ਸਾਡਾ ਰੱਖਿਓ ਖਿਆਲ ਜੀ
ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ
ਕੀਤੀ ਸ਼ੁਰੂਆਤ ਕਈਆਂ ਗੁਰੂ ਘਰ ਆਏ ਕੇ
ਸੁਖਮਨੀ ਪੜੀ ਕਈਆਂ ਮੰਨ ਚਿੱਤ ਲਾਏ ਕੇ
ਕਰਨ ਅਰਦਾਸਾਂ ਆਏ ਨੰਨ੍ਹੇ ਨੰਨ੍ਹੇ ਬਾਲ ਜੀ
ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ
ਪਿੱਛਲੇ ਜੋ ਸਾਲ ਭੁੱਲਾਂ ਕੀਤੀਆਂ ਮੈਂ ਦਾਤਾ ਜੀ
ਆਪਣਾ ਸਮਝ ਤੂੰ ਬਖਸ਼ ਲਈ ਵਧਾਤਾ ਜੀ
ਚੰਗੀ ਤਰਾਂ ਜਾਣਦੇ ਹੋ ਤੁਸੀਂ ਸਾਡੇ ਹਾਲ ਜੀ
ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ
ਸੁੱਖ ਵਰਤਾਈ ਦਾਤਾ ਸਾਰੀ ਕਇਆਨਾਤ ਚ
ਰੱਝਵੇਂ ਰਿੱਝਕ ਪਾਈ ਸਭਦੀ ਪਰਾਤ ਚ
ਭੁੱਖਾ ਨਾ ਕੋਈ ਸੋਂਵੇ ਹੋਵੇ ਦੇਸ਼ ਖੁਸ਼ਹਾਲ ਜੀ
ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ
ਕੌਂਮੀ ਘਰ ਹੋਵੇ ਸਾਡਾ ਰੋਜ਼ ਦੀ ਜੋ ਮੰਗ ਹੈ
ਆਪ ਤੂੰ ਸਹਾਈ ਹੋਈ ਸਾਡੇ ਅੰਗ ਸੰਗ ਹੈ
ਉੱਗਲੀ ਨੂੰ ਫੜਕੇ ਸਿਖਾਵੋ ਨਵੀਂ ਚਾਲ ਜੀ
ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ
ਇਸ ਸਾਲ ਲੋਭ ਦੀ ਸਤਾਵੇ ਨਾਂ ਕੋਈ ਲਾਲਸਾ
ਸਦਾ ਹੀ ਬੁਲੰਦੀਆਂ ਨੂੰ ਛੂੰਹਵੇ ਤੇਰਾ ਖਾਲਸਾ
ਸਿਰ ਉੱਤੇ ਹੱਥ ਰੱਖੀ ਸਾਈਆਂ ਬਣ ਢਾਲ ਜੀ
ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ
ਕੋਈ ਵੀ ਧਨਾਡ ਲਾਵੇ ਮਾੜੇ ਨੂੰ ਨਾ ਰਗੜਾ
ਕੌਂਮ ਤੇਰੀ ਆਪਸ ਚ ਕਰੇ ਨਾਂ ਕੋਈ ਝਗੜਾ
ਭਰੋ ਸਚਿਆਈ ਨਾਲ ਸਾਡਾ ਵਾਲ ਵਾਲ ਜੀ
ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ
ਦੇਸ਼ਾ ਤੇ ਵਿਦੇਸ਼ਾ ਵਿੱਚ ਬਣੀ ਰਹੇ ਸਾਂਤੀ
ਅਕਲਾਂ ਹਲੀਮੀਆਂ ਦੀ ਬਖਸ਼ੋ ਕਰਾਂਤੀ
ਸੱਤੇ ਨੂੰ ਬਖਸ਼ ਦੇਵੋ ਸੁਰਾਂ ਵਾਲੀ ਤਾਲ ਜੀ
ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ