ਸੁਖਨ ਕਿਰੇ ਰਾਵੀ ਦੇ ਨੂਰੋਂ
ਵਣ ਬੇਲੇ ਵਿਚ ਸੁਣਾਂ ਮੈਂ ਦੂਰੋਂ।
ਮੈਂ ਬੇਜਾਨ, ਬੇਹੋਸ਼, ਇਕੱਲਾ-
ਫੜਾਂ ਕਿਸੇ ਸਿਮਰਣ ਦਾ ਪੱਲਾ।
ਸਭ ਪਤਾਲ ਸਮਿਆਂ ਵਿਚ ਪਿਆਰੀ,
ਵੇਖਾਂ ਅੱਪਣੀ ਨਜ਼ਰ ਨਿਆਰੀ।
ਨਾਗਾਂ ਵਾਹੀਆਂ ਜ਼ਿਮੀਂ 'ਤੇ ਰੇਖਾਂ,
ਝਿਲਮਿਲ ਤਾਣੇ ਸੁਪਨੇ ਲੇਖਾਂ।
ਫੇਰ ਕਲੰਕਾਂ ਮੇਰੇ ਮੱਥੇ
ਕਹਿਰੀ ਤੀਰ ਲੁਕਾਏ ਭੱਥੇ।
ਅਗਲੇ ਪਲ ਹੀ ਰੋਣ ਹਵਾਵਾਂ
ਡੰਗ ਕਰੇਂਦੇ ਸਿਰ 'ਤੇ ਛਾਵਾਂ।
ਸੁੱਕੇ ਬਾਗ਼ੀਂ ਲੁਕੇ ਕਸੁੰਭਾ
ਛਾਂ ਦਾ ਰੋਗ ਈਰਖਾ-ਰੰਗਾ।
ਪੁੱਤ ਨਦੀ ਦੇ ਮਿਰਗ ਪਿਆਸੇ
ਕਿਹੜੇ ਛੇੜੂ ਲੈ ਗਏ ਪਾਸੇ।
ਬਿੱਜ ਫੜੇ ਉਠ ਨਗਨ ਅਚੰਭਾ
ਲੂੰਹਦਾ ਜਾਵੇ ਖਿੜਿਆ ਚੰਬਾ।
ਕੂੜ ਕਦੂਰਤ ਦੀ ਅੱਗ ਛੱਲੇ
ਜਲੇ ਜਲੇ ਧਰਤੀ ਦੇ ਪੱਲੇ !
ਕੌਣ ਦਿਸੇ ਪਿਆ ਪਿਛਲੇ ਪਹਿਰੇ ?
ਤੁਰੇ ! ਮੁੜੇ ! ਫਿਰ ਚਾਨਣ ਠਹਿਰੇ ।
ਪੱਤਣ ਖੁਰਦੇ ਲੰਘਣ ਛੱਲਾਂ
ਦੇਵਣ ਭੇਦ ਪੁਰਾਣੀਆਂ ਗੱਲਾਂ।
ਟੁੱਟੀਆਂ ਬਾਲਪਨੇ ਦੀਆਂ ਵੰਗਾਂ
ਤਰਨਾਪੇ ਨੂੰ ਵਿੰਨ੍ਹਿਆਂ ਡੰਗਾਂ।
ਕਿਉਂ ਟੁੱਟ ਜਾਂਦੇ ਹਾਰ ਨਵੇਲੇ ?
ਕਿੱਥੋਂ ਦੇਣ ਅਵਾਜ਼ਾਂ ਬੇਲੇ ?
ਬੋਲ ਗੁਆਚੇ ਕਿੱਥੇ ਮੈਂਡੇ !
ਰਾਵੀ ਦਿਸੇ ਨ, ਕੰਬਦੇ ਪੈਂਡੇ ?
ਕੌਣ ਸਮੇਂ ਦੇ ਬੂਹੇ ਸੁੱਤਾ ?
ਖਾ ਕੇ ਛਾਂ ਦਾ ਡੰਗ ਬੇਰੁੱਤਾ।
ਪੌਣ ਸਮੇਂ ਦੀ ਧੁੰਧ 'ਚ ਖੇਡੇ
ਕੋਈ ਕਾਰਵਾਂ ਦਿਸੇ ਦੁਰੇਡੇ !