ਸੁੱਕ ਜਾਣੇ ਇਹ ਪਾਣੀ
ਪਾਟ ਜਾਣੀ ਇਹ ਧਰਤੀ
ਹੋ ਜਾਣਾ ਇਹ ਸੂਰਜ ਠੰਡਾ
ਗੁੱਸੇ ਹੋਇਆ ਜਲਦਾ ਬਲਦਾ
ਕਿਰ ਜਾਣੇ ਇਹ ਤਾਰੇ ਸਾਰੇ
ਬੁਝ ਜਾਣਾ ਇਹ ਉਧਾਰ ਚਾਨਣੀ ਲੈ ਜਗਦਾ
ਮੇਰੀ ਮੱਕੀ ਦੀ ਰੋਟੀ ਜਿੱਡਾ ਚੰਨ
ਜਗਦੇ ਰਹਿਣਗੇ ਸ਼ਬਦ
ਟਿਮਟਿਮਾਂਦੇ ਰਹਿਣਗੇ ਗੀਤ
ਨਹੀਂ ਮਰੇਗਾ ਰਾਗ
ਨਹੀਂ ਮਿਟੇਗਾ ਸਾਜ
ਚੰਨਾਂ ਵੇ ਤੂੰ ਹਰਫਾਂ ਦੀ ਲੋਅ ਨਾਲ ਜਗੀਂ
ਅੱਖਰੋ ਵੇ ਤੁਸੀਂ ਤਾਰੇ ਬਣਿਓ
ਨਜ਼ਮ ਮੇਰੀ ਨੇ ਧਰਤ ਬਣ ਜਾਣਾ
ਸਤਰਾਂ ਨੇ ਨਦੀਆਂ ਦਰਿਆ