ਸੁੱਕੇ ਬਾਗ਼ ਸੰਞ ਨੇ ਰੰਗੇ

ਸੁੱਕੇ ਬਾਗ਼ ਸੰਞ ਨੇ ਰੰਗੇ 

ਸੋਅ ਲਵਾਂ ਮੈਂ ਜਿਹਲਮ ਕੰਢੇ

ਹਵਾ 'ਤੇ ਬੈਠ ਕੌਣ ਨੇ ਲੰਘੇ

ਚੜ੍ਹੇ ਸੰਜੀਵਨੀਆਂ ਦੇ ਤਾਰੇ 

ਸ਼ੂਕਰ ਸੁਣਦੀ ਤੀਰਾਂ ਦੀ। (1)

ਸੰਞ ਪਈ ਥਲ ਮਾਰੇ ਹਾਕਾਂ, 

ਭੈਣ ਭਰਾਵਾਂ ਦਿਲ ਦੇ ਸਾਕਾਂ 

ਕਿੱਥੇ ਛਡਿਉਮ, ਕਿੰਞ ਮੈਂ ਆਖਾਂ

ਮਛਲੀ ਹਾਥ ਲਵੇ ਓਵੇਂ 

ਵਤ ਜਿਹਲਮ ਦਿਆਂ ਨੀਰਾਂ ਦੀ। (2)

ਔਹ ਅਸਵਾਰਾਂ ਹੌਲ ਜਗਾਏ 

ਜਿਉਂ ਤਕਦੀਰਾਂ ਲਿਖਣੇ ਆਏ 

ਖੂਹ 'ਤੇ ਕੁੜੀਆਂ ਰੋਇ ਬੁਲਾਏ— 

ਨਾਲ ਘੋੜਿਆਂ ਦੇ ਪਈ ਉੱਡੇ 

ਵਾਜ ਗੁਆਚੇ ਵੀਰਾਂ ਦੀ। (3)

ਬੋਲ ਯਤੀਮਾਂ ਦੇ ਦਰਮਾਂਦੇ

ਲਾ-ਮਕਾਂ ਨੂੰ ਕੈਦ 'ਚ ਪਾਂਦੇ

ਘੇਰ ਦੀਵਾਰ ਦਰਦ ਦੀ ਲਿਆਂਦੇ- 

ਬੇ-ਕਿਰਾਂ ਵਲ ਮੂੰਝਾਂ ਦੇ ਹੜ੍ਹ 

ਚਾੜ੍ਹਣ ਕਾਂਗ ਜ਼ੰਜੀਰਾਂ ਦੀ। (4)

ਮਲ੍ਹਿਆਂ ਉਹਲੇ ਬਚੜੇ ਰੋਂਦੇ 

ਕੌਣ ਲਹੂ ਨਦੀ ਵਿਚ ਧੋਂਦੇ 

ਲਭ ਲਭ ਭਾਰ ਕਾਫ਼ਲੇ ਢੋਂਦੇ- 

ਬਾਬਲ ਅੱਖੀਆਂ ਨਾਲ ਲਗਾਂਦੇ 

ਗੰਢ ਨਿਮਾਣੀਆਂ ਲੀਰਾਂ ਦੀ। (5)

ਬ੍ਰਿਛਾਂ ਵਿਚ ਟੋਂਹਦੀਆਂ ਫਾਹੀਆਂ 

ਡੈਣਾਂ ਪੀਣ ਹਨੇਰ ਤਿਹਾਈਆਂ 

ਪੀਲੂ ਚੁਗਦੀਆਂ ਘਰੀਂ ਆਈਆਂ–

ਖ਼ਾਬ ਵੇਖਦੇ ਸੁੰਞੇ ਬੂਹੇ–

ਰੋਹੀ ਛੋਡ ਕਰੀਰਾਂ ਦੀ। (6)

ਧਾਹਾਂ ਮਾਰਨ ਸਾਲ ਮਹੀਨੇ

ਬੱਚਿਓ ਚੜ੍ਹੋ ਫਲਕ ਦੇ ਜ਼ੀਨੇ

ਅਜੇ ਦੁੱਧ ਧਰਤ ਦੇ ਸੀਨੇ— 

ਸੁੱਕੇ ਬਾਗ਼ 'ਚ ਮਾਵਾਂ ਢੂੰਡੇ 

ਝੀਣੀ ਬਾਣਿ ਸਮੀਰਾਂ ਦੀ। (7)

ਜੂਹ ਜੀਵਨ ਜਾਂ ਮੌਤ ਦੀ ਮੱਲਾਂ

ਮੋਇਆਂ ਨਾਲ ਹੋਵਣ ਗੱਲਾਂ। 

ਮੋਹ ਧਰਤ ਦਾ ਮਾਰੇ ਛੱਲਾਂ- 

ਕਿਸ ਨੇ ਸ਼ਰਤ ਲਗਾਈ ਹੋਈ 

ਧਰਤੀ ਨਾਲ ਅਖ਼ੀਰਾਂ ਦੀ? (8)

ਖ਼ੂਨ ਪੁਰਾਣਾ ਆਇਆ ਚੜ੍ਹ ਕੇ 

ਮੋੜਿਆਂ ਮੁੜੇ ਨ, ਖ਼ਾਕ 'ਚ ਅਟਕੇ, 

ਕੂਕੇ ਵਿਚ ਇਲਹਾਮ ਦੇ ਵਰਕੇ– 

ਸਮੇਂ ਦੀ ਮਹਾਂ ਤੇਗ 'ਤੇ ਕਟਕੀ 

ਬਿਜਲੀ ਕੋਟ ਜ਼ਮੀਰਾਂ ਦੀ। (9)

ਰੀਣੇ ਕੰਨ, ਨਜ਼ਾਮਨ ਬੋਲੇ 

ਥੀ ਸ਼ਰਮਿੰਦਾ ਨੈਣ ਖੋਲ੍ਹੇ 

ਰੁਲਦੇ ਅਮਲ ਮੇਰੇ ਫੋਲੇ- 

ਛੁਪ ਮੁਨਸਿਫ਼ ਦੇ ਅਦਲ ਨੇ ਪਕੜੀ 

ਰਗ ਸੁਲਤਾਨ ਅਮੀਰਾਂ ਦੀ। (10)

ਕੱਪਰ ਚੜ੍ਹੇ ਸਬਰ ਤੋਂ ਤਕੜੇ 

ਡੂੰਘੇ ਵਹਿਣ ਜਾਨ ਦੇ ਪਕੜੇ 

ਘੇਰ ਘੇਰ ਸਾਹ ਮੇਰੇ ਜਕੜੇ– 

ਅਜੇ ਵੀ ਸਿਦਕ ਮੇਰੇ ਨੂੰ ਸੁਣਦੀ 

ਸੋਅ ਭੁੱਲੀ ਕੋਈ ਹੀਰਾਂ ਦੀ।(11)

ਔਹ ਹਰਿਆਂ ਬਿਰਖਾਂ ਦੇ ਪਾਰਾਂ 

ਖੂਹ 'ਤੇ ਪੀਰ ਮਨਾਵਣ ਨਾਰਾਂ 

ਸੈਨਤਾਂ ਮਾਰਨ ਜਿਵੇਂ ਫੁਹਾਰਾਂ- 

ਪਾਣੀ ਭਰਨਾ ਯਾਦ ਰਿਹਾ

ਤੱਕਣ ਵਾਟ ਜ਼ਹੀਰਾਂ ਦੀ। (12)

ਗ਼ੈਬੀ ਕਲਮ ਤੋੜ ਕੇ ਹੱਸਣ 

ਰਮਜ਼ ਪੀਰ ਫ਼ਕੀਰ ਨੂੰ ਦੱਸਣ 

ਪੋਠੋਹਾਰ ਦੀ ਜੂਹ ਵਿਚ ਵੱਸਣ— 

ਖੂਹ 'ਤੇ ਸਿਹਰ ਹੁਸਨ ਦਾ ਪਾ ਕੇ 

ਅਰਜ਼ ਸੁਣਦੀਆਂ ਪੀਰਾਂ ਦੀ। (13)

ਗ਼ਮਜ਼ੇ ਫੜਣ ਪੌਣ ਦੀ ਵੀਣੀ

ਨਾਜ਼ ਵਿਚ ਜਿਉਂ ਬੈਠੀ ਸ਼ੀਹਣੀ

ਫੜੀ ਵਣਾਂ ਦੀ ਵਾਟ ਉਡੀਣੀ-

ਵੇਖ ਰਹੀ ਨਬੀਆਂ ਦੇ ਚਿਹਰੇ 

ਉਡ ਬਿਜਲੀ ਤਹਰੀਰਾਂ ਦੀ। (14)

ਜੋ ਨੂਰੀ ਇਲਹਾਮ ਨਾ' ਖੇਲ੍ਹੀ 

ਜਿਸ ਨੇ ਨਜ਼ਰ ਹੜਾਂ ਵਿਚ ਠੇਲ੍ਹੀ 

ਤਕ ਮੈਨੂੰ ਕੂਕੀ ਅਲਬੇਲੀ

“ਕਿਸ ਨੇ ਨਜ਼ਰ ਮਿਲਾਈ ਅੜੀਓ 

ਕੁੜੀਆਂ ਨਾਲ ਫ਼ਕੀਰਾਂ ਦੀ।(15)

“ਮੀਂਹਾਂ ਵਿਚ ਉਡਾਵਾਂ ਝੁੰਮਰ

ਨਦੀਆਂ ਬੰਨ੍ਹ ਸੁਆਵਾਂ ਘੁੰਮਰ 

ਇਲਮਾਂ ਤਾਈਂ ਭੁਲਾਵਾਂ ਹੁੱਨਰ— 

ਸਭ ਪਤਾਲ ਤਕ ਪੀਂਘਾਂ ਝੂਟਾਂ 

ਚੜ੍ਹ ਕੇ ਲਹਿਰ ਮੁਨੀਰਾਂ ਦੀ। (16)

“ਸੁਣ ਵੇ ਰਾਹੀ। ਸੁਣ ਵੇ ਰਾਹੀ !

ਅਮਲਾਂ ਨਾਲ ਜਿੰਦ ਪਰਨਾਈ 

ਇਕ ਪਲ ਦੇਖ ਲਵੇਂ ਜੇ ਮਾਹੀ

ਮੈਨੂੰ ਬਾਤ ਭਾਉਂਦੀ ਉੱਕਾ 

ਮਿਲਖਾਂ ਅਤੇ ਜਾਗੀਰਾਂ ਦੀ।” (17) 

“ਭਰ ਲੈ ਖੂਹ ’ਤੇ ਪਾਣੀ ਜੀਵੇਂ

ਅਜੇ ਬੋਲ ਤੇਰੇ ਨੀਵੇਂ 

ਜ਼ਹਿਰ ਸੁੱਕੇ ਬਾਗ਼ ਦੀ ਪੀਵੇਂ— 

ਮੇਰੇ ਰਾਹ ਦੀ ਹਵਾ ਨੇ ਚੁੱਕੀ 

ਭਾਰੀ ਸੱਦ ਨਕੀਰਾਂ ਦੀ।” (18)

ਆਖ ਮੈਂ ਤੱਕਿਆ ਦੂਰ ਦੁਰਾਡੇ

ਫਾਹੀਆਂ ਪਾਉਣ ਘਾਮ ਤੇ ਜਾਡੇ, 

ਸੁੱਕੇ ਬਾਗ਼ ਕਸੇ ਹੋਏ ਸਾਡੇ !

ਦੇਵਣ ਕੌਣ ਦਿਲਾਸੇ ਡਾਢੇ ?

“ਰੋਸੀ ਵਿਲਕ ਕੇ ਮਾਵਾਂ ਅੱਗੇ

ਕਦੇ ਧਾਰ ਸ਼ਮਸ਼ੀਰਾਂ ਦੀ। (19)

📝 ਸੋਧ ਲਈ ਭੇਜੋ