ਸੁੱਕੇ ਹਰਿਆਂ ਕਰ-ਕਰ ਸਾਡੇ

ਸੁੱਕੇ ਹਰਿਆਂ ਕਰ-ਕਰ ਸਾਡੇ ਜੁੱਸੇ ਹੋ ਗਏ ਬੱਗੇ ।

ਫੇਰ ਬਹਾਰ ਆਈ ਤੇ ਮੌਜਾਂ ਮਾਨਣ ਵਾਲੇ ਅੱਗੇ ।

ਸਾਡੇ ਦੁੱਖ ਅਜਬ ਨੇ ਲੋਕਾ ਅਸੀਂ ਤਾਂ ਉਹ ਆਂ ਜਿਹੜੇ,

ਹਾਰਿਆਂ ਅੱਗੇ ਹਾਰੇ, ਠੱਗਿਆਂ ਹੋਇਆਂ ਕੋਲੋਂ ਠੱਗੇ ।

ਸਾਨੂੰ ਐਥੇ ਜੋਅ ਕੇ ਕਿਸਮਤ ਖ਼ੁਦ ਤਿਰਹਾਈ ਸੋ ਗਈ,

ਸਾਡਾ ਪੰਧ ਨਾ ਮੁੱਕਿਆ ਅਸਾਂ ਪੁਰਾਣੇ ਖੂਹ ਦੇ ਢੱਗੇ ।

ਤੋੜ ਹਿਆਤੀ ਦੁਨੀਆਂ ਅੰਦਰ ਇੰਜ ਹੀ ਚਾਨਣ ਵੰਡੀਂ,

ਕਦੇ ਵੀ ਤੈਨੂੰ ਸੂਰਜ ਪੁਤਰਾ ਤੱਤੀ ਵਾ ਨਾ ਲੱਗੇ ।

ਮੁਸਤਕਬਿਲ ਨੂੰ ਕਿਧਰੇ ਰਾਹ ਵਿਚ ਛੱਡ-ਛਡਾਕੇ 'ਅੰਜੁਮ'

ਆਪਣੇ ਪਿੱਛੇ ਲਗ ਕੇ ਕਿੰਨਾ ਲੰਘ ਆਇਆ ਹਾਂ ਅੱਗੇ ।

📝 ਸੋਧ ਲਈ ਭੇਜੋ