ਸੁੱਕੇ ਸਰਾਂ 'ਤੇ ਤਿਰਕਾਲਾਂ ਨੂੰ,
ਨੌਬਤ ਸੁਣੀ ਫ਼ਕੀਰਾਂ।
ਰਾਜ਼ ਮਿੱਟੀ ਦੇ ਚੁੱਕ ਚੁੱਕ ਤੁਰੀਆਂ,
ਸਮਿਆਂ ਦੀਆਂ ਵਹੀਰਾਂ।
ਚੁੱਪ ਫ਼ਕੀਰ ਗਏ ਜਿਸ ਪਾਸੇ,
ਉਸ ਰਾਹ ਸਿੱਕ ਖਲੋਈ।
ਜਾਨ ਨਪੀੜ ਰਹੀ ਸੁੰਜਬਰ ਦੀ,
ਪੈੜ ਪੁਰਾਣੀ ਕੋਈ।
ਵਿਛੜੇ ਲੋਕਾਂ ਦੇ ਮੇਲੇ 'ਚੋਂ,
ਹੌਕੇ ਵੈਣ ਸੁਣੀਂਦੇ।
ਤਕ ਜ਼ਿਆਰਤ ਦੇ ਅੱਥਰੂ ਨੂੰ,
ਰਾਹ ਅਸਮਾਨ ਦੇ ਜੀਂਦੇ।
ਡੂਗਰ ਜਲਾਂ ਥਲਾਂ 'ਚੋਂ ਆਏ,
ਓਢਣ ਸਮੇਂ ਦਾ ਪਾਏ।
ਸੁੰਞੇ ਸਰਾਂ ਤੋਂ ਉਡ ਉਡ ਮੁੜ ਗਏ,
ਰੋ ਪੰਛੀ ਤ੍ਰਿਹਾਏ।
ਸੁੱਕੇ ਸਰਾਂ 'ਤੇ ਮੁਸ ਮੁਸ ਰੋਵਾਂ,
ਖੁਰ ਗਈਆਂ ਤਿਰਕਾਲਾਂ।
ਸਦੀਆਂ ਵੇਖ ਸਕਣ ਨ ਜਿਸਨੂੰ,
ਸੋ ਰੰਗ ਨਜ਼ਰ 'ਚ ਪਾਲਾਂ।
ਦੂਰ ਢੋਲ ਵੱਜਿਆ ਖੂਨੀ,
ਹੌਲ ਪਿਆ ਵਿਚ ਬਾਰਾਂ।
ਜ਼ਿਆਰਤ ਦੀਆਂ ਪੈੜਾਂ 'ਚੋਂ ਬਲਦੀ,
ਹੂੰਗਰ ਸੁਣੀ ਬਜ਼ਾਰਾਂ।
ਤਾਂਘਾਂ ਆਣ ਆਣ ਬੈਠੀਆਂ ਕਿਧਰੋਂ,
ਉੱਡ ਉੱਡ ਹੰਝ-ਬਨੇਰੇ।
ਸ਼ਾਲਾ ਲੰਘ ਆਵੇ ਅੱਜ ਮਾਹੀ,
ਬਲਦੇ ਚਰਖ ਚੁਫੇਰੇ।
ਕਹਿਕਸ਼ਾਂ ਦੇ ਕਿਸ ਦਰ ਉੱਤੇ,
ਸੂਰਜ-ਚੰਨ ਪਰਾਏ ?
ਕਾਲ-ਪੈਂਡਿਆਂ ਦੀਆਂ ਗਾਰਾਂ ਵਿਚ
ਢਹੇ ਸਵਾਰ ਤਿਹਾਏ !
ਸਰਾਂ ਦੇ ਕੰਢੇ ਜੰਡ ਫਲਾਹੀਆਂ,
ਹੇਠ ਪੁਰਾਣੇ ਸੱਥਰ।
ਪੌਣਾਂ ਭੈਣਾਂ ਵਾਂਗ ਜਗਾਵਣ,
ਚੁੰਮ੍ਹ ਅਜਨਬੀ ਅੱਖਰ।
ਚੁੱਕ ਲੰਗਾਰ ਵਣਾਂ ਦੇ ਸਿਰ ਤੋਂ,
ਬੁੱਢੀਆਂ ਮਾਵਾਂ ਸੀਵਣ;
ਨਨਕਾਣੇ ਦੀ ਜੂਹ ਵਿਚ ਰੋ ਕੇ,
ਸੂਲ ਸੁਰਾਹੀ ਪੀਵਣ।
ਆ ਨ ਬ੍ਰਿਛਾਂ ਹੇਠ ਸੰਞਾਣੇ,
ਨੀਂਗਰ ਸੁੱਤੇ ਯਾਰਾਂ;
ਤੁੰਦ ਹਵਾਵਾਂ ਉੱਤੇ ਉਤਰੇ,
ਨਿਰਮੋਹੇ ਅਸਵਾਰਾਂ।
ਚੰਨ ਦੇ ਹੇਠ ਵਰ੍ਹੇ ਕੁਰਲਾਵਣ,
ਡਰਵਰ ਵਾਂਗ ਵੀਰਾਨੇ।
ਜਲੀਆਂ ਮੁੱਢੀਆਂ ਵਾਂਗ ਖੜੇ ਨੇ,
ਮੁੱਢ ਕਦੀਮ ਯਰਾਨੇ।
ਬ੍ਰਹਿਮੰਡਾਂ ਦੇ ਭੇਦ ਦਾ ਅੱਖਰ,
ਚੜ੍ਹ ਕੇ ਪਾਸ਼ਵੀ ਵਾਹਰਾਂ।
ਛੁਪ ਛੁਪ ਘੇਰ ਘੇਰ ਕੇ ਡੋਬਣ,
ਮੰਝ ਸਹੰਸਰ ਧਾਰਾਂ।
ਸੁੰਞ ਦੇ ਤਪੇ ਕੜਾਹੇ ਸਿਸਕਣ,
ਉਡ ਸਮਿਆਂ ਦੇ ਛਾਲੇ।
ਸਹਿਮ ਰਹੇ ਬਾਲਾਂ 'ਤੇ ਚੜ੍ਹਦੇ,
ਕਹਿਰ ਪੁਰਾਣੇ ਕਾਲੇ ।
ਕਿਸੇ ਅੰਧ ਦੀ ਸਿਖਰੋਂ ਨੇਸਾਂ,
ਵੇਹਣ ਮਾਸੂਮ ਬਰਾਤਾਂ।
ਕੁੱਲ ਜ਼ਿਮੀਂ ਨੂੰ ਜਾਲ ਬਣਾਇਆ,
ਬੇਪਛਾਣ ਹੋ ਘਾਤਾਂ !
ਦਾਵਾ ਅਗਨੀ ਦੀ ਰਗ ਵੰਨੀ,
ਰੋ ਦੁਆ ਕੁਈ ਨੱਸੀ।
ਝੱਖੜਾਂ ਦੀਆਂ ਜਿੰਦਾਂ ਨੇ ਪਲ ਵਿਚ,
ਸੁਹਲ ਜਿੰਦ ਉਹ ਕੱਸੀ।
ਧਰ ਗ਼ਰੀਬ ਨੂੰ ਡੋਬਣਾ ਚਾਹਿਆ,
ਤੰਦੂਏ ਵਾਂਗ ਬਲਾਵਾਂ।
ਬੋਲ ਕਿਸੇ ਸੰਤ ਦੇ ਮਿੱਠੇ,
ਜਲ ਥਲ ਫੜੇ ਖਲਾਵਾਂ।
ਕਾਲ ਗਿਰਝ ਦੇ ਵਾਂਗੂੰ ਉੱਡਣ,
ਗੌਲ ਫ਼ਰੇਬੀ ਨਾਰਾਂ
ਮਰਦਾਨੇ ਦੇ ਭਲੇ ਸੀਸ 'ਤੇ
ਬੰਨ੍ਹ ਬੰਨ੍ਹ ਆਵਣ ਡਾਰਾਂ।
ਪੰਛੀ ਬਲਦੇ ਦੇਸ ਦੀ ਕੂਟੋਂ,
ਮੁੜ ਮੁੜ ਨਜ਼ਰ ਦੌੜਾਏ;
ਪੀਰ ਫ਼ਕੀਰ ਸੰਤ ਦੇ ਸੋਹਣੇ
ਵੱਢ ਵੱਢ ਹੱਥ ਗਿਰਾਏ।