ਸੁੱਕੇ ਸਤਲੁਜ ਨੂੰ ਵੇਖ ਕੇ

ਕਿਸ ਨੇ ਭਰਿਆਂ ਸਤਲੁਜਾਂ 

ਦਾ ਨੀਰ ਸੁਕਾਇਆ ? 

ਮਨ ਪਰਦੇਸੀ ਜੇ ਥੀਐ

ਸਭ ਦੇਸ ਪਰਾਇਆ।

ਪੈੜ ਮਹੀਨ ਨੂੰ ਪੈਂਦੀਆਂ

ਦਰਿਆਂ ਦੀਆਂ ਖੋਹਾਂ। 

ਕਰਦੇ ਮੋਏ ਲਸ਼ਕਰਾਂ

ਤੇ ਜੁਗਨੂੰ ਲੋਆਂ। 

ਆਉਣ ਮਜ਼ਾਰਾਂ ਪਾਸਿਉਂ 

ਕਿਸੇ ਤਿੜ ਨੂੰ ਸੋਆਂ। 

ਰੋਂਦੀਆਂ ਮਾਵਾਂ ਸਾਮ੍ਹਣੇ 

ਦਰਬਾਰ ਸਜਾਇਆ- 

ਕਿਸ ਨੇ ਭਰਿਆਂ ਸਤਲੁਜਾਂ 

ਦਾ ਨੀਰ ਸੁਕਾਇਆ ? (੧)

ਘਣੀਆਂ ਛਾਵਾਂ ਜਦੋਂ ਸੀ 

ਮੇਰੇ ਦਰਾਂ 'ਤੇ ਪਈਆਂ, 

ਕਾਲੀਆਂ ਬੱਦਲੀਆਂ ਝੂੰਮ ਜਦ 

ਮੇਰੇ ਸ਼ੁਤਰ 'ਤੇ ਲਹੀਆਂ,

ਜਿਹਲਮ ਅਟਕ ਦੇ ਨਾਲ ਜਦ

ਮੈਂ ਖੇਡਣ ਗਈਆਂ,

ਟੁੱਟਦੀ ਤਿੜ ਵਿਚ ਬੇਲਿਆਂ

ਇਕਰਾਰ ਛੁਪਾਇਆ।

ਕਿਸ ਨੇ ਭਰਿਆਂ ਸਤਲੁਜਾਂ 

ਦਾ ਨੀਰ ਸੁਕਾਇਆ? (੨)

ਅੱਧੀ ਰਾਤ ਨੂੰ ਧੁਖਦੀਆਂ 

ਵਿਚ ਰੇਤ ਕਟਾਰਾਂ, 

ਸਲਵਾੜਾਂ ਦੇ ਚੀਰ ਸਹਿ 

ਪੰਧ ਕੱਟਣ ਵਾਰਾਂ,

ਤਲੀਆਂ ਹੇਠਾਂ ਬੋਲਦੇ

ਉੱਠ ਹਾੜ ਹਜ਼ਾਰਾਂ,

ਸੁੰਞ ਉਡਾਰੀ ਮਾਰਦੀ

ਖੰਭ ਤੋੜ ਛੁਪਾਇਆ-

ਕਿਸ ਨੇ ਭਰਿਆਂ ਸਤਲੁਜਾਂ

ਦਾ ਨੀਰ ਸੁਕਾਇਆ ? (੩)

ਕਿਰ ਕਿਰ ਭੁਰ ਭੁਰ ਵਿਲਕਦਾ

ਔਹ ਦੀਦ ਬਨੇਰਾ,

ਝੰਗ ਸਿਆਲ 'ਚ ਅਜੇ ਵੀ

ਕੋਈ ਜ਼ਾਮਨ ਮੇਰਾ,

ਥਲਾਂ 'ਚ ਲੀਰਾਂ ਲਟਕੀਆਂ

ਰਾਹ ਵੇਖਣ ਤੇਰਾ,

ਕਿਰ ਕਿਰ ਜਾਵਣ ਮਸਜਿਦਾਂ

ਕਿਤੇ ਪੀਰ ਸਧਾਇਆ—

ਕਿਸ ਨੇ ਭਰਿਆਂ ਸਤਲੁਜਾਂ

ਦਾ ਨੀਰ ਸੁਕਾਇਆ ? (੪)

ਛਾਲਾ ਕੁਲ ਕਾਇਨਾਤ ਦਾ

ਵਿਚ ਧੂੜ ਕੁਆਰੀ

ਲਟਕੇ ਦਿਲ ਮਸਕੀਨ 'ਤੇ

ਕੋਈ ਹੂੰਗਰ ਭਾਰੀ,

ਰਣ ਅਤੀਤ ਦਾ ਲਿਸ਼ਕਦਾ

ਵਿਚ ਨੈਣ-ਚਿੰਗਾਰੀ,

ਦੂਰ ਸੁੰਨ ਵਿਚ ਲਟਕਦਾ

ਵੱਡ ਜੋਧ ਸਦਾਇਆ-

ਕਿਸ ਨੇ ਭਰਿਆਂ ਸਤਲੁਜਾਂ 

ਦਾ ਨੀਰ ਸੁਕਾਇਆ ? (੫)

ਸਰਸਾ ਕੰਢਿਉਂ ਉੱਡਦੀ 

ਰੱਤ ਪੁਰੇ 'ਚ ਕੋਈ, 

ਉੱਡੀ ਧੂੜ ਜੋ ਸਰਵਰਾਂ ਤੋਂ 

ਨਾਲ ਹੈ ਹੋਈ,

ਕੰਬਦੇ ਵਣਾਂ ਤੇ ਛਾਲਿਆਂ

ਦੀ ਚੀਸ ਖਲੋਈ, 

ਕੰਧੀ ਸੂਕੇ ਸਰਾਂ ਦੀ

ਥਲ ਤਕੀਆ ਲਾਇਆ—

ਕਿਸ ਨੇ ਭਰਿਆਂ ਸਤਲੁਜਾਂ 

ਦਾ ਨੀਰ ਸੁਕਾਇਆ ? (੬)

ਸੁੱਤੀ ਨਾਗ ਜਿਉਂ ਵਣਾਂ ਤੇ 

ਕੋਈ ਹੇਕ ਲੰਮੇਰੀ

ਬਾਜ਼ ਦੀ ਨਜ਼ਰ 'ਚੋਂ ਸੁੰਨ ਕੁਈ

ਉੱਠ ਫੜੇ ਹਨੇਰੀ

ਪਰ ਕੁਮਰੀ ਦੇ ਵੱਜਦੀ

ਸਿੰਧ-ਰੇਤ ਵਡੇਰੀ,

ਬਿਆਸ ਦੀ ਕਣੀ 'ਚ ਦੌੜਦਾ

ਮੇਰੇ ਮੀਤ ਦਾ ਸਾਇਆ—

ਕਿਸ ਨੇ ਭਰਿਆਂ ਸਤਲੁਜਾਂ

ਦਾ ਨੀਰ ਸੁਕਾਇਆ ? (੭)

ਮਾਰੀਂ ਰਾਵੀ ਸੋਹਣੀਏਂ

ਵਿਚ ਘਟਾ ਉਡਾਰੀ,

ਛਲਕੇ ਸ਼ੀਰੀਂ ਤਾਲ ਵਿਚ

ਜਿਉਂ ਝਿੰਮ ਝਿੰਮ ਨਾਰੀ,

ਰਾਹਾਂ ਸਬਜ਼ ਬੇਗਾਨੀਆਂ

ਜਿੰਦ ਜਾਵਾਂ ਵਾਰੀ,

ਕੰਧੀ ਰੋਇ ਝਨਾਂ ਦੀ

ਅਸਾਂ ਦਾਜ ਬਣਾਇਆ-

ਕਿਸ ਨੇ ਭਰਿਆਂ ਸਤਲੁਜਾਂ

ਦਾ ਨੀਰ ਸੁਕਾਇਆ ? (੮)

ਰੋਹੀਆਂ ਵੇਖ ਕੇ ਰੁੰਨਿਆ 

ਮੇਰਾ ਬਾਗ਼ ਅੰਞਾਣਾ,

ਕੰਠ ਕੋਇਲ ਦੇ ਰੇਤ ਦਾ 

ਬਨਬਾਸ ਪੁਰਾਣਾ,

ਸਾਵਨ ਮਾਹ ਦੀ ਕਣੀ 'ਚੋਂ 

ਬਿੰਗ ਦਿਸੇ ਭਿਆਣਾ, 

ਹੀਰ ਦੀ ਤੰਦ 'ਤੇ ਘੁੰਮਦਾ

ਰਾਹ ਜੋਗ ਦਾ ਪਾਇਆ—

ਕਿਸ ਨੇ ਭਰਿਆਂ ਸਤਲੁਜਾਂ

ਦਾ ਨੀਰ ਸੁਕਾਇਆ? (੯)

ਮਨ ਪਰਦੇਸੀ ਜੇ ਥੀਐ 

ਸਭ ਦੇਸ ਪਰਾਇਆ।

📝 ਸੋਧ ਲਈ ਭੇਜੋ