ਸੁਲਗਦਾ ਹੱਥ

ਹਨੇਰੀ ਰਾਤ ਜਿਸ ਹੱਥ ਨੇ 

ਸੁਲਗਦਾ ਜਿਸਮ ਤੇਰਾ ਛੋਹ ਲਿਆ ਹੈ 

ਉਹੋ ਹੱਥ ਸੁਲਗਦਾ ਹੈ

ਅਗਨ ਦੇ ਕੁੰਡ 'ਚੋਂ ਜਿਹੜੀ ਚੁਲੀ 

ਭਰੀ ਸੀ ਆਚਮਨ ਦੇ ਵਾਸਤੇ ਮੈਂ 

ਉਸ ਨੂੰ ਅਚਵ ਹੀ ਸਕਿਆ 

ਉਸ ਨੂੰ ਡੋਲ੍ਹ ਹੀ ਸਕਿਆ 

ਪਹਿਲ ਵਾਰੀ ਮੇਰੇ ਜੀਵਨ ਦੇ ਸਾਰੇ ਵਿਰਲ 

ਬੇਬਸ ਜਾਪਦੇ ਨੇ

ਮੇਰੀ ਬਾਂਹ ਦੇ ਸਿਰੇ ਤੇ ਆਣ

ਕਿਧਰੋਂ ਜੁੜ ਗਿਆ ਹੈ

ਅਗਨ ਦਾ ਪੁਸ਼ਪ ਪੰਜ-ਪਤੀਆ

ਮੈਂ ਜਿਸ ਨੂੰ ਤੋੜਣਾ ਚਾਹਾਂ ਵੀ ਤਾਂ

ਇਹ ਟੁਟ ਨਹੀਂ ਸਕਦਾ

ਮੈਂ ਦਿਨ ਦੀਵੀਂ ਭਰੇ ਬਾਜ਼ਾਰ 'ਚੋਂ ਲੰਘਾਂ

ਮੇਰੇ ਸੰਗ ਝੂਲਦੀ ਹੈ

ਬਾਂਹ ਵਿਚ ਉੱਗੀ ਹੋਈ ਇਹ ਜੋਤ ਪੰਜ-ਜੀਭੀ 

ਮੈਂ ਆਪਣੀ ਸ਼ਰਮ ਦੇ ਏਕਾਂਤ ਵਿਚ

ਸੌਂ ਜਾਣ ਦਾ ਜੇ ਦੰਭ ਕਰਦਾ ਹਾਂ 

ਮੇਰੀ ਹਿਕ ਨਾਲ ਬਾਂਹ-ਮਸ਼ਾਲ 

ਜਗਦੀ ਜਾਗਦੀ ਹੈ

ਮੇਰੀ ਸਗਲੀ ਗਵਾਚੀ ਹੋਂਦ 'ਚੋਂ, 

ਬਸ ਇਕ ਤਰੂਏ ਬਾਲ ਦੀ ਵਿਲਕਣ ਬਚੀ ਹੈ 

ਕਿਉਂ ਬਚੀ ਹੈ

ਮੇਰੀ ਅਣਹੋਂਦ ਨੂੰ ਕੁਝ ਹੋ ਗਿਆ ਹੈ

ਹਨੇਰੀ ਰਾਤ ਜਿਸ ਹੱਥ ਨੇ 

ਸੁਲਗਦਾ ਜਿਸਮ ਤੇਰਾ ਛੋਹ ਲਿਆ ਹੈ 

ਉਹੋ ਹੱਥ ਸੁਲਗਦਾ ਹੈ

📝 ਸੋਧ ਲਈ ਭੇਜੋ