ਡੁੱਬਦਾ ਚੜ੍ਹਦਾ ਡਿੱਗਦਾ ਢਹਿੰਦਾ, ਮੈਂ ਤੇਰਾ ਹਾਂ……………. ਸਮਾਂ ਪੰਜਾਬਾ।
ਮਿੱਠੜੇ ਮਿੱਠੜੇ ਪਾਣੀ ਦੇ ਵਿੱਚ, ਘੁਲਿਆ ਤੇਰੇ……………. ਜ਼ਹਿਰ ਪੰਜਾਬਾ।
ਅੱਗਾਂ ਲਾ ਲਾ ਫੂਕ ਦਿੱਤਾ ਹੈ, ਹਵਾ ਤੇਰੀ ਵਿੱਚ……………. ਕਹਿਰ ਪੰਜਾਬਾ।
ਰੂਹ ਦੇ ਹਾਣੀ ਰੁੱਖ ਸੀ ਤੇਰੇ, ਵੱਢ-ਵੱਢ ਦਿੱਤੇ…… ……… ਤੋਰ ਪੰਜਾਬਾ।
ਧਰਤੀ ਸੀਨੇ ਭਰਿਆ ਪਾਣੀ, ਖਾਲ਼ੀ ਦਿੱਤਾ……………… ਰੋੜ੍ਹ ਪੰਜਾਬਾ।
ਟੱਬਰ ਟੀਹਰ ਸਭ ਛੋਟੇ ਹੋ ਗਏ, ਰਿਸ਼ਤਿਆਂ ਵਿੱਚ ਨਾ…………ਮੋਹ ਪੰਜਾਬਾ।
ਉੱਚੇ ਲੰਬੇ ਗੱਭਰੂ ਤੇਰੇ, ਗਏ ਨਸ਼ਿਆਂ ਵੱਲ……………… ਹੋ ਪੰਜਾਬਾ।
ਊੜਾ ਊਠ ਹੁਣ ਭੁੱਲਦਾ ਜਾਵੇ, ਏ ਫਾਰ ਐਪਲ………….. ਸੁਣ ਪੰਜਾਬਾ।
ਮਿੱਠੇ ਵੰਨ-ਸੁਵੰਨੇ ਗਾਣੇ, ਵਿੱਚ ਸ਼ੋਰਾਂ ਗਏ…… ………. ਖੋਹ ਪੰਜਾਬਾ।
ਨਵੀਂ ਨਸਲ ਨੇ ਭਰੀ ਉਡਾਰੀ, ਵਿੱਚ ਜਹਾਜ਼ਾਂ…… …….. ਰੋ ਪੰਜਾਬਾ।
ਉੱਚੇ ਟਾਵਰ ਪੰਛੀ ਖਾ ਗਏ, ਸੁੰਨੀ ਹੋ ਗਈ…………….. ਪਹੁ ਪੰਜਾਬਾ।
ਸੋਨੇ ਰੰਗੀ ਹਰਿਆਲੀ ਤੇਰੀ, ਵਿੱਚ ਕੂੜੇ ਗਈ………… ਖੋਹ ਪੰਜਾਬਾ।
ਦੁੱਧ ਮੱਖਣ ਸਭ ਖੂੰਜੇ ਲਾ ਕੇ, ਅੰਦਰ ਸੁੱਟੇ……………… ਕੋਕ ਪੰਜਾਬਾ।
ਸੋਨੇ ਰੰਗੀ ਧਰਤੀ ਤੇਰੀ, ਖਾਦਾਂ ਦਿੱਤੀ ………………… ਰੋਲ਼ ਪੰਜਾਬਾ।
ਭੋਲੇ-ਭਾਲੇ ਲੋਕ ਅਸਾਡੇ, ਬਾਬਿਆਂ ਦਿੱਤੇ……………….. ਰੋਲ਼ ਪੰਜਾਬਾ।
'ਸੁੱਖਿਆ' ਕਿਸੇ ਨੂੰ ਕਾਹਨੂੰ ਕੋਸੇਂ, ਚੰਗੀ ਰੱਖ ਤੂੰ ………… ਸੋਚ ਪੰਜਾਬਾ।