ਲਿਖਤੁਮ ਸਵਰਨਜੀਤ ਸਵੀ
ਪੜਤੁਮ ਰਾਜਾ ਜਨਮੇਜਾ
ਵੀਂਹਵੀਂ ਸਦੀ ਦਾ ਇਕ ਹੋਰ ਮਹਾਂਭਾਰਤ
ਆਰੀਆ ਤੇ ਦਰਾਵੜੀ ਕੰਧਾਂ ਦੀਆਂ
ਪਿੱਲੀਆਂ ਤੇ ਖੁਰਦੀਆਂ ਇੱਟਾਂ
ਕਾਲਿਆਂ ਖੂਹਾਂ ਦਾ ਜ਼ਹਿਰੀਲਾ ਜਨੂੰਨੀ ਪਾਣੀ
ਦਿਲਾਂ ਤੇ ਸਰਦਲਾਂ ਵਿਚ ਪਈਆਂ ਲਕੀਰਾਂ ਦੀ ਕਹਾਣੀ
ਦਰਖ਼ਤਾਂ ‘ਤੇ ਟੰਗੇ, ਸੜਕਾਂ ‘ਤੇ ਧੁਖਦੇ
ਸੈਆਂ ਵਰਵਰੀਕਾਂ ਦੀ ਜ਼ੁਬਾਨੀ…
ਸੁਣ ਕਿ ਹੁਣ
ਧਰਮ-ਸਿਆਸਤ, ਅਧਰਮ-ਦੰਗੇ
ਤੇ ਮਾਸੂਮ ਜਿੰਦਾਂ ‘ਚ ਖੁੱਭੇ ਖੰਜਰਾਂ ਦੀ ਭਾਸ਼ਾ
ਇਕੋ ਜਿਹੀ ਹੀ ਹੋ ਗਈ ਹੈ
ਪਾਂਡਵ ਤੇ ਕੌਰਵ ਸਭ ਪਾਗ਼ਲ ਦਰਿੰਦੇ ਨੇ
ਹਰ ਘਰ, ਗਲੀ, ਸ਼ਹਿਰ ਤੇ ਸਰਦਲ ਦਾ ਦਿਲ
ਹੁਣ ਕੁਰਕਸ਼ੇਤਰ ਦਾ ਮੈਦਾਨ ਹੈ
ਜਿੱਥੇ ਤਿੰਨਾਂ ਦੀ ਬੱਚੀ ਤੋਂ ਲੈ ਕੇ
ਨੱਬਿਆਂ ਦੇ ਲਾਚਾਰ ਬੁੱਢੇ ਤੱਕ
ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਂਦਾ
ਕਿਉਂਕਿ ਹੁਣ ਉਹ ਸਭ
ਇਨਸਾਨ ਨਹੀਂ – ਧਿਰਾਂ ਦੇ ਨਿਸ਼ਾਨ ਹੋ ਗਏ ਨੇ
ਹੁਣ ਬੱਸ ‘ਚ ਬੈਠਣਾ
ਜਾਂ ਤੜਕਸਾਰ ਡਬਲਰੋਟੀ ਵੇਚਣ ਜਾਣਾ
ਮੌਤ ਦੇ ਮੂੰਹ ਵੱਲ ਜਾਣ ਦਾ ਅਮਲ ਹੋ ਗਿਆ ਹੈ
ਹੁਣ ਕੁੱਕੜ ਦੀ ਬਾਂਗ ਤੋਂ ਬਾਅਦ
ਹਰ ਸੂਰਜ ਦੀ ਪਹਿਲੀ ਕਿਰਨ
ਦਿਲ ‘ਚ ਡਰ…
ਸਿਰ ‘ਤੇ ਮੌਤ…
ਤੇ ਜਿਸਮ ਲਈ ਧੁਣਖਵਾ ਲੈ ਕੇ ਉੱਗਦੀ ਹੈ
ਗਲੀਆਂ ਬਾਜ਼ਾਰਾਂ ‘ਚ ਫਿਰਦੇ ਲੋਕ
ਸੁੰਨਸਾਨ ਖੰਡਰ ਨੇ
ਰੀਝ-ਵਿਹੂਣੇ, ਖੁਸ਼ੀਓਂ ਸੱਖਣੇ
ਮਹਿਜ਼ ਤੁਰਦੇ ਮਾਤਮੀ ਬੁੱਤ!
ਹੁਣ ਕਿਧਰੇ ਨਹੀਂ ਜੁੜਦੇ ਬਉਰੇ ਮੇਲੇ
ਕਿਧਰੇ ਨਹੀਂ ਪੈਂਦਾ
ਗਿੱਧਾ, ਭੰਗੜਾ ਜਾਂ ਧਮਾਲ
ਲਟਕਦਾ ਹੈ ਤਾਂ ਹਰ ਪਾਸੇ ਬੱਸ ਮੌਤ ਵਰਗਾ ਖ਼ਿਆਲ
ਖ਼ਿਆਲ – ਜੋ ਡਿੱਗ ਸਕਦਾ ਹੈ
ਕਿਸੇ ਵੀ ਪਲ ਬਣਕੇ ਅਗਨੀ ਬਾਣ
ਜਾਂ ਸਾਹਮਣੇ ਅੜ ਸਕਦਾ ਹੈ
ਬਣਕੇ ਜਨੂੰਨੀ ਸਾਨ!
ਤੀਰਾਂ ਤੇ ਹੁਣ ਭੀਸ਼ਮ ਪਿਤਾਮਾ ਹੀ ਨਹੀਂ
ਸਗੋਂ ਟੰਗਿਆ ਪਿਆ ਹੈ ਹਰ ਇਨਸਾਨ
ਸਭ ਨੂੰ ਮਿਲ ਗਿਆ ਹੈ ਧੁਖਦੇ ਰਹਿਣ ਦਾ ਸਰਾਪ
ਖ਼ੁਸ਼ੀਆਂ ਨੂੰ ਕਰ ਗਿਆ ਹੈ ਕੋਈ ਅਨਾਥ
ਸੁਣ ਰਾਜਾ
ਸੁਣ ਕਿ ਹੁਣ
ਹਰ ਸੰਘ ਵਿਚ ਸੁੱਕ ਗਏ ਨੇ ਗੁਟਕਦੇ ਬੋਲ
ਮੁੱਠੀਆਂ ‘ਚ ਪੀਚੇ ਗਏ ਬਚਪਨ ਵਰਗੇ ਕਲੋਲ
ਦਿਨ ਗੁਜ਼ਰਦੇ ਨੇ ਹੁਣ
ਫ਼ੈਲਦੀਆਂ ਅਫ਼ਵਾਹਾਂ ਦੇ ਕਾਲੇ ਬੱਦਲਾਂ ਹੇਠ
ਜਾਂ ਸੁਰਖ਼ੀਆਂ ‘ਚੋਂ ਵਰਦੇ ਖ਼ੂਨੀ ਮੀਂਹ ਹੇਠ
ਸੁਰਖ਼ੀਆਂ – ਜੋ ਸ਼ਹਿਰ ਦੀ ਨੀਂਦ ਹਰਾਮ ਕਰਦੀਆਂ ਨੇ
ਸੁਰਖ਼ੀਆਂ – ਜੋ ‘ਉਨਾ’ ਲਈ ਦੁਕਾਨਦਾਰੀ ਦਾ ਸਮਾਨ ਨੇ
ਸੁਰਖ਼ੀਆਂ – ਜੋ ‘ਇਨਾ’ ਲਈ ਅਸਥੀਆਂ ਦਾ ਸਥਾਨ ਨੇ
ਸੁਣ ਰਾਜਾ ਸੁਣ ਕਿ ਹੁਣ
ਕਿੰਨੀ ਡਰਾਉਣੀ ਹੈ ਅੱਖਾਂ ਵਿਚਲੀ ਵੀਰਾਨੀ
ਵੀਰਾਨੀ – ਜੋ ਕਦੇ ਹਲਕੀ ਜਿਹੀ ਦਹਿਸ਼ਤੀ ਖ਼ਬਰ ਨਾਲ ਫੈਲਦੀ ਸੀ
ਵੀਰਾਨੀ – ਜੋ ਹੁਣ ਸੈਆਂ ਮੌਤਾਂ ਤੋਂ ਬਾਅਦ ਫੈਲਦੀ ਹੈ
ਵੀਰਾਨੀ – ਜੋ ਉਨਾ ਅੱਖਾਂ ਦੀ ਸਹਿਜ ਅਵਸਥਾ ਹੋ ਗਈ ਹੈ
ਕਿੰਨਾ ਭਿਆਨਕ ਹੈ
ਧਰਮ ਅਤੇ ਫ਼ਲਸਫ਼ੇ ਦਾ ਅਰਥਹੀਣ ਹੋ ਜਾਣਾ
ਤੇ ਮਾਸੂਮ ਦਿਲਾਂ ਦਾ
ਟੀਸ ਬਣਕੇ ਸ਼ੀਸ਼ੇ ਵਾਂਗ ਕੀਚਰਾਂ ਹੋ ਜਾਣਾ
ਕਿੰਨਾ ਭਿਆਨਕ ਹੈ
ਮਹਾਂਭਾਰਤ ਦਾ ਰੋਜ਼ ਰੋਜ਼ ਹੋਣਾ
ਤੇ ਕੁਰਕਸ਼ੇਤਰ ਦਾ ਕਥਾ ਤੇ ਭਿਆਨਕਤਾ ਦਾ
ਆਮ ਜਿਹੀ ਗੱਲ ਹੋ ਜਾਣਾ
ਸਭ ਕਿੰਨਾਂ ਭਿਆਨਕ ਹੈ…