1.
ਕਾਲੀ-ਬੋਲੀ ਹਨ੍ਹੇਰੀ ਵਾਂਗ
ਆ ਰਿਹਾ ਸੀ ਨੇੜੇ ਨੇੜੇ
ਪੰਦਰਾਂ-ਅਗਸਤ
ਤੇ ਪਤਾ ਨਹੀਂ ਸੀ
ਕਿ ਕਿਹੜਾ ਚੰਦ ਚੜ੍ਹਨਾ ਸੀ
ਉਸ ਦਿਹਾੜੇ ।
ਸਕੂਲ ਬੰਦ ਸਨ
ਤੇ ਅਸੀਂ ਵਿਹਲੇ
ਮਾਸਟਰਾਂ ਦੀ ਡੰਡਾ-ਪ੍ਰੇਡ ਤੋਂ ਮੁਕਤ ।
ਪਤਾ ਉਦੋਂ ਲੱਗਾ, ਜਦੋਂ ਪਿੰਡੋਂ
ਇੱਕ ਜਣਾ ਘੋੜੀ ਭਜਾਉਂਦਾ
ਆਇਆ ਤੇ ਆਖਣ ਲੱਗਾ,
''ਖੋਲ੍ਹ ਦਿਓ ਰੱਸੇ ਸੰਗਲ
ਸਭ ਡੰਗਰਾਂ ਦੇ
ਤੇ ਭੱਜ ਆਓ ਪਿੰਡ ਨੂੰ
ਪਿੰਡ ਉੱਠ ਚੱਲਿਆ ਜੇ!''
ਬੰਬ ਵਾਂਗ ਫਟੀ ਇਹ ਖ਼ਬਰ
ਸਾਡੇ ਲਈ
ਸੁਣ ਕੇ ਹੈਰਾਨ, ਪ੍ਰੇਸ਼ਾਨ ਹੋਏ
ਬੌਾਦਲੇ, ਹੌਾਕਦੇ, ਹਫ਼ਦੇ
ਅਸੀਂ ਮਰ ਕੇ ਪਿੰਡ ਪਹੁੰਚੇ
ਸਾਹ ਵਿਚ ਸਾਹ ਨਹੀਂ ਸੀ
ਰਲਦਾ ਪਿਆ
ਸਾਡਾ ਸਭਨਾਂ ਦਾ ।
2.
ਬੂਹੇ ਅੱਗੇ ਗੱਡਾ ਖਲੋਤਾ ਸੀ
ਤੇ ਲੱਦੀ ਜਾ ਰਹੇ ਸਨ ਸਾਰੇ
ਬੰਨ੍ਹ ਬੰਨ੍ਹ ਪੰਡਾਂ
ਚੀਜ਼ਾਂ ਵਸਤਾਂ ਦੀਆਂ
ਹਫਲ਼ੇ ਹੋਏ ਨੇ ਮਾਂ ਨੂੰ ਪੁੱਛਿਆ
''ਮਾਂ, ਗੱਲ ਕੀ ਹੋਈ?''
ਆਖਣ ਲੱਗੀ,
''ਪੁੱਤਰ, ਆਹ ਲੀੜਿਆਂ ਦੀ ਪੰਡ
ਸੁੱਟ ਕੇ ਆ, ਗੱਡੇ ਤੇ ਪਹਿਲਾਂ
ਫਿਰ ਦੱਸਦੀ ਹਾਂ ਸਾਰੀ ਗੱਲ ।''
ਪ੍ਰਸ਼ਨਾਂ ਦਾ ਝੁਰਮਟ ਸੀ
ਤੇ ਉੱਤਰ?
ਉੱਤਰ ਕਿਸੇ ਕੋਲ ਵੀ ਨਹੀਂ ਸੀ
ਵਿਹੜਾ ਇੰਝ ਸੀ
ਜਿਵੇਂ ਹਨ੍ਹੇਰੀ ਵਗ ਕੇ ਹਟੀ ਹੋਵੇ
ਹੁਣੇ ਹੁਣੇ ।
ਮਾਂ ਕਾਹਲੀ ਕਾਹਲੀ
ਖੁਰਪਾ ਮਾਰਦੀ ਪਈ ਸੀ, ਕੜਾਹੀ ਵਿਚ
''ਇਹ ਕੀ ਕਰਦੀ ਪਈ ਏ ਅੰਮਾ?
ਕਹਿਣ ਲੱਗੀ,
''ਰਾਹ ਵਿਚ ਖਾਵਾਂਗੇ ਕੀ?
ਮੈਂ ਸੋਚਿਆ
ਸਭ ਕੁਝ ਇਥੇ ਹੀ ਰਹਿ ਜਾਣਾ ਹੈ
ਕਿਉਂ ਨਾ ਘਰ ਦੇ ਘਿਉ ਦੀ
ਪੰਜੀਰੀ ਹੀ ਬਣਾ ਲਵਾਂ ।''
''ਮਾਂ, ਪਿੰਡ ਤੇ ਸਾਰਾ
ਨਿਕਲ ਤੁਰਿਆ ਹੈ, ਘਰਾਂ ਵਿਚੋਂ
ਤੇ ਤੂੰ ਪੰਜੀਰੀ ਬਣਾ ਰਹੀ ਹੈਂ?''
ਆਖਣ ਲੱਗੀ,
ਪੁੱਤਰ, ਕਹੋ ਆਪਣੇ ਪਿਉ ਨੂੰ
ਗੱਡਾ ਤੋਰੇ
ਪੰਜੀਰੀ ਦੀ ਕੋਈ ਦੇਰੀ ਨਹੀਂ ਹੈ ।
3.
ਰਾਹ ਵਿਚ ਪਹਿਲਾਂ ਪਿੰਡ
ਆਦਿ-ਵਾਸੀ ਜਾਂਗਲ਼ੀਆਂ ਦਾ ਸੀ
ਸਿੱਧੇ-ਸਾਦੇ, ਨਿਰਛਲ ਲੋਕ
ਵੇਖ ਕੇ ਆਖਣ ਲੱਗੇ,
''ਹੇ, ਸਰਦਾਰੋ! ਕਿਦ੍ਹੇ ਚੱਲੇ ਜੇ?''
ਜੇ ਕਿਤੇ ਲੀਗੀਆਂ ਦੇ ਭੜਕਾਏ ਹੁੰਦੇ
ਤਾਂ ਭਾਵੇਂ ਸਾਨੂੰ
ਏਥੇ ਹੀ ਵੱਢ-ਟੁੱਕ ਸੁੱਟਦੇ ।
ਆਖਣ ਲੱਗੇ,
''ਸਾਡੇ ਲਾਇਕ ਕੋਈ ਸੇਵਾ?''
ਸੋਚਿਆ
ਇਹ ਸੇਵਾ ਕੋਈ ਛੋਟੀ ਨਹੀਂ ਸੀ
ਕਿ ਉਹਨਾਂ ਸਾਡਾ ਰਾਹ ਨਹੀਂ
ਸੀ ਰੋਕਿਆ ।
4.
ਗੱਡਿਆਂ ਦੀ ਇਹ ਲਾਮ-ਡੋਰੀ
ਚਾਰ ਕੋਹ ਉੱਤੇ
ਸ਼ੁਭਚਿੰਤਕਾਂ ਦੇ ਪਿੰਡ ਜਾ ਕੇ ਰੁਕੀ
ਗੱਡੇ ਅਟਕੇ, ਤੇ ਲੋਕਾਂ
ਸੁੱਖ ਦਾ ਸਾਹ ਲਿਆ ।
ਪਰ ਨਾ ਹੁਣ ਸਿਰ ਤੇ ਛੱਤ ਸੀ ਆਪਣੀ
ਤੇ ਨਾ ਪੈਰਾਂ ਹੇਠਾਂ ਆਪਣੀ ਮਿੱਟੀ
ਸੰਧਿਆ ਦਾ ਵੇਲਾ ਸੀ
ਰੱਬ ਦਾ ਨਾਂ ਲੈਣ ਦੀ ਘੜੀ
ਪਰ ਸਭ ਨੂੰ ਕੀਰਤਨ ਸੋਹਲਾ
ਭੁੱਲ-ਭੁਲਾ ਗਿਆ ਸੀ ਅੱਜ ।
ਲੱਖ ਸ਼ੁਕਰ ਕਿ ਰਾਹ ਵਿਚ
ਕਿਸੇ ਭੜਕੀ ਭੀੜ ਨੇ
ਸਾਡਾ ਕੀਰਤਨ ਸੋਹਲਾ ਨਹੀਂ ਸੀ
ਪੜ੍ਹਿਆ ।
ਚਾਰ-ਚੁਫੇਰਾ ਵੇਖ
ਲੋਕਾਂ ਨੇ ਗਲ੍ਹੀਆਂ ਵਿਚ ਹੀ
ਚੁੱਲ੍ਹੇ ਪੁੱਟੇ, ਅੱਗ ਧੁਖ਼ਾਈ
ਦਾਲ਼ਾਂ ਰਿੱਝਣ ਲੱਗੀਆਂ
ਮੱਠੀ ਮੱਠੀ ਅੱਗ ਉੱਤੇ
ਤੇ ਆਟੇ ਦੀ ਸੁਗੰਧ
ਘੁਲਣ ਲੱਗੀ ਵਾਤਾਵਰਣ ਵਿਚ
ਅੱਜ ਸਾਡੇ ਉਜਾੜੇ ਦਾ ਪਹਿਲਾ
ਦਿਨ ਸੀ
ਦਰਦ-ਭਰੀ ਲੰਮੀ ਕਥਾ ਦਾ
ਪਹਿਲਾ ਪੰਨਾ ।
5.
ਕਈ ਪਿੰਡਾਂ ਦੇ ਉਜੜੇ ਲੋਕ
ਇਕੱਠੇ ਹੁੰਦੇ ਗਏ ਹੌਲੀ ਹੌਲੀ
ਸਾਰਾ ਦਿਨ
ਗੱਲਾਂ ਖਹਿਬੜਦੀਆਂ
ਆਪੋ ਵਿਚ
ਪਰ ਕਿਸੇ ਤਣ-ਪੱਤਣ ਨਾ ਲੱਗਦੀਆਂ ।
ਹਰ ਕਿਸੇ ਦੇ ਪੱਲੇ
ਆਪਣਾ ਆਪਣਾ ਤਰਕਸ਼
ਆਪਣੀਆਂ ਆਪਣੀਆਂ ਅਫ਼ਵਾਹਾਂ
ਤੇ ਕਿਆਸ-ਆਰਾਈਆਂ ।
ਕੋਈ ਕਹਿੰਦਾ,
''ਹੱਲਾ ਹੋਇਆ ਭੁਲੇਰ ਪਿੰਡ ਉੱਤੇ
ਮਸ਼ੀਨ-ਗੰਨਾਂ ਨਾਲ
ਤੇ ਸਭ ਕੁਝ ਖ਼ਤਮ
ਕੋਈ ਰਾਤ-ਬਰਾਤੇ
ਭੱਜ ਕੇ ਹੀ ਬਚਿਆ ਹੋਊ ।''
ਕੋਈ ਹੋਰ ਛੁਰਲੀ ਛੱਡਦਾ,
''ਮੁੜ ਚੱਲਾਂਗੇ ਘਰਾਂ ਨੂੰ
ਠੰਡ-ਠੰਡੌਰਾ ਹੋਣ ਉੱਤੇ ।''
ਉਸਦੇ ਮੂੰਹ ਵੱਲ ਵੇਖਦੇ
''ਪਿੱਛੇ ਦੀ ਨਹੀਂ
ਅੱਗੇ ਦੀ ਸੋਚੋ ਹੁਣ ।''
ਕਿਸੇ ਦੀ ਟਿੱਪਣੀ ਹੁੰਦੀ ।
ਜਿੰਨੇ ਮੂੰਹ ਓਨੀਆਂ ਗੱਲਾਂ ਸਨ
ਤੇ ਗੱਲਾਂ ਰੋਜ਼ ਭਿੜਦੀਆਂ
ਟਕਰਾਉਂਦੀਆਂ ਸਨ
ਆਪੋ ਵਿਚ
ਤੇ ਸਿਰਾ ਕੋਈ ਨਹੀਂ ਸੀ ਲੱਭਦਾ ।
6.
ਅੱਖਾਂ ਪੱਕ ਗਈਆਂ ਸਨ
ਉਡੀਕ ਕਰਦਿਆਂ
ਤੇ ਸਿਰ ਤੇ ਸਿਆਲ ਖਲੋਤਾ ਸੀ
ਮੂੰਹ ਅੱਡੀ ਸਰਾਲ਼ੇ ਵਾਂਗ
ਕਦੋਂ ਲੱਗੇਗੀ ਗੱਲ ਕਿਸੇ
ਤਣ-ਪੱਤਣ ।
ਅੱਕਿਆ ਪਿਆ ਸੀ ਹਰ ਕੋਈ
ਸੋਚਦੇ, ਸੋਚਦੇ
ਉਡੀਕਦੇ, ਉਡੀਕਦੇ ।
ਅਖ਼ੀਰ ਇੱਕ ਦਿਨ ਚੁੱਪ ਟੁੱਟੀ
ਫੌਜ ਦੀ ਆਈ ਟੁਕੜੀ ਨੇ ਆਖਿਆ
''ਕੱਲ੍ਹ ਨੂੰ ਤੁਰੇਗਾ ਕਾਫ਼ਲਾ
ਦੱਸ ਦਿਓ ਸਾਰਿਆਂ ਨੂੰ ।''
ਖ਼ਬਰ ਇੰਝ ਫੈਲੀ
ਜਿਵੇਂ ਕਮਾਦ ਦੀ ਲੱਗੀ ਅੱਗ
ਫੈਲਦੀ ਹੈ ।
ਸਭ ਨੇ ਸੁੱਖ ਦਾ ਸਾਹ ਲਿਆ
ਤੇ ਲੱਗੀ ਹੋਣ ਤੁਰਨ ਦੀ
ਤਿਆਰੀ ।
ਦਿਨ ਚੜ੍ਹਦੇ ਤੁਰੀ
ਗੱਡਿਆਂ ਦੀ ਲਾਮ ਡੋਰੀ
ਤੇ ਨਾਲ ਨਾਲ
ਗੰਢੜੀਆਂ ਚੁੱਕੀ
ਕੁਝ ਪ੍ਰਛਾਵੇਂ, ਕੁਝ ਪੀੜਾਂ
ਤੇ ਹਿਰਦਿਆਂ ਵਿਚ
ਘਰਾਂ ਤੋਂ ਉੱਜੜ ਜਾਣ ਦਾ ਸਲ੍ਹ
ਕਿਹੜਾ ਵਤਨ ਸੀ
ਤੇ ਕਿਸ ਦੀ ਮਿੱਟੀ?
ਕਿੱਥੇ ਕੁ ਸੀ ਸਾਡੀ ਮੰਜ਼ਿਲ
ਤੇ ਕਿੱਥੇ ਕੁ ਸੁਪਨਿਆਂ ਦੀ ਸੀਮਾ?
7.
ਕਦੇ ਅੱਗੇ ਹੁੰਦੀਆਂ
ਫੌਜੀ ਜੀਪਾਂ
ਤੇ ਕਦੇ ਪਿੱਛੇ
ਕਿਸੇ ਦਾ ਗੱਡਾ ਟੁੱਟਦਾ
ਤੇ ਕਿਸੇ ਦਾ ਬੈਲ ਅੜ ਖਲੋਂਦਾ
ਪਰ ਗੱਡਿਆਂ ਦੀ
ਹੌਲੀ ਹੌਲੀ ਰੀਂਗਦੀ ਲੰਮੀ ਕਤਾਰ
ਜੂੰ ਤੋਰੇ ਤੁਰਦੀ
ਅੱਗੇ ਨੂੰ ਸਰਕਦੀ ਜਾਂਦੀ
ਹਰ ਕਦਮ ਤੇ ਇੰਝ ਪ੍ਰਤੀਤ ਹੁੰਦਾ
ਜਿਵੇਂ ਆਪਣੇ ਹਿੱਸੇ ਦੀ ਧਰਤੀ ਵਲ
ਦਾ ਫ਼ਾਸਲਾ
ਪਲ ਪਲ ਘੱਟਦਾ ਜਾ ਰਿਹਾ ਹੋਵੇ ।
ਪਿੱਛਲ-ਝਾਕ ਘੱਟਦੀ ਜਾਂਦੀ
ਤੇ ਅੱਗੇ ਦੇ ਸੰਸੇ ਵਧਦੇ ਜਾਂਦੇ ।
ਅਖ਼ੀਰ ਇਕ ਦਿਨ
ਰਾਵੀ ਦੇ ਕਿਨਾਰੇ
ਬੱਲੋ-ਕੀ-ਹੈੱਡ ਉੱਤੇ
ਰੇੜਕਾ ਪਿਆ
ਕਾਫ਼ਲਾ ਰੁਕਿਆ
ਸਭ ਨੂੰ ਚਿੰਤਾ ਹੋਈ
ਪੁਲ ਦੇ ਪਹਿਰੇਦਾਰ ਕਹਿਣ ਲੱਗੇ,
''ਤਲਾਸ਼ੀ ਲੈ ਕੇ ਲੰਘਣ ਦੇਵਾਂਗੇ
ਅਸੀਂ ਪੁਲ ਤੋਂ ਪਾਰ ।
ਰੱਖੀ ਜਾਓ ਐਥੇ
ਜੋ ਕੁਝ ਹੈ ਅੰਦਰ-ਬਾਹਰ ।''
ਕਿਸ ਦਾ ਹੁਕਮ ਸੀ
ਤੇ ਕਿਸਦੀ ਸਰਕਾਰ?
ਆਰ ਪਾਰ ।
ਪਰ ਛੇਤੀ ਹੀ ਪਰਤ ਆਈ ਹੋਸ਼
ਤੇ ਖੁੱਲ੍ਹ ਗਏ ਪੁਲ ਦੇ ਦਵਾਰ
ਬੰਦ ਹੋ ਗਈ
ਨਾਦਰ-ਸ਼ਾਹ ਦੀ ਲੁੱਟ ਸਰੇ-ਬਜ਼ਾਰ
ਮੁੜ ਤੋਂ ਸਰਕਣ ਲੱਗੀ
ਖਲੋਤੀ ਜ਼ਿੰਦਗੀ
ਰਾਵੀ ਦੇ ਆਰ-ਪਾਰ
8.
ਕਦੇ ਤੁਰਦੇ, ਕਦੇ ਅਟਕਦੇ
ਰਾਤ-ਭਰ ਲਈ ਸਸਤਾਉਂਦੇ
ਤੁਰੀ ਗਈ ਗੱਡੇ ਤੇ ਮਨੁੱਖ
ਢੀਚਕ ਢੀਚਕ ਕਰਦੇ
ਹਫ਼ਤਾ-ਭਰ ।
ਸਦ ਸ਼ੁਕਰ
ਕੋਈ ਹਾਦਸਾ ਨਹੀਂ ਹੋਇਆ
ਰਾਹ ਵਿਚ, ਵੱਢਣ ਟੁੱਕਣ ਵਾਲ਼ਾ
ਸ਼ੱਕ ਨਹੀਂ
ਕਿ ਮੁੱਠ ਵਿਚ ਆਈ ਰਹਿੰਦੀ ਸੀ ਜਾਨ
ਤੇ ਸਾਹ ਹਰ ਪਲ ਸੁੱਕਦੇ ਰਹਿੰਦੇ ਸੀ
ਗੱਡਿਆਂ ਦੇ ਨਾਲ-ਨਾਲ
ਪ੍ਰਛਾਵੇਂ ਦੇ ਵਾਂਗ
ਤੁਰਦਾ ਜਾਂਦਾ ਸੀ ਇਕ ਧਰਵਾਸ
ਤੇ ਹਰ ਪਲ ਵੱਧਦੀ ਜਾਂਦੀ
ਸੀ ਆਸ ।
ਇੰਝ ਲੱਗਦਾ
ਹਰ ਛਿਣ, ਹਰ ਪਲ
ਸਰਹੱਦ ਸਰਕਦੀ ਆਉਂਦੀ ਸੀ
ਕੋਲ ਕੋਲ ।
ਸਿਆਣੇ ਹੌਾਸਲਾ ਦਿੰਦੇ ਆਖਦੇ
'ਬੱਸ ਹੁਣ, ਦਿਹਾੜੀ ਡੰਗ ਦੀ ਗੱਲ
ਹੈ ਸਾਰੀ ।
ਟੱਪ ਜਾਣੀ ਹੈ ਆਪਾਂ
ਲਾਲ-ਲਕੀਰ ਤੇ ਲਹੂ ਦੀ ਨਦੀ ।
ਪਤਾ ਨਹੀਂ
ਇਹ ਲਾਲ-ਲਕੀਰ
ਕਿਹੜੀ ਐਵਰਿਸਟ
ਦੀ ਚੋਟੀ ਸੀ
ਜਿਹੜੀ ਅਸਾਂ ਟੱਪਣੀ ਸੀ ।
9.
ਥੱਕਿਆਂ ਟੁੱਟਿਆਂ ਨੂੰ
ਬਾਲਾਂ ਵਾਂਗ ਵਰਚਾਉਂਦੇ
ਦਾਨਸ਼-ਮੰਦ ਆਖਦੇ ।
'ਗੱਲ ਤਾਂ ਹੁਣ ਕੰਢੇ ਉੱਤੇ
ਆਈ ਪਈ ਹੈ ।''
ਸ਼ਾਇਦ ਇਕ ਆਸ ਉੱਤੇ ਹੀ
ਤੁਰੀ ਜਾ ਰਹੇ ਸਨ
ਥੱਕੇ ਟੁੱਟੇ, ਹਾਰੇ ਹੰਭੇ ਕਦਮ ।
'ਕਦੋਂ ਆਏਗੀ ਲਾਲ ਲਕੀਰ?''
ਲੋਕ ਪੁੱਛਦੇ
''ਬੱਸ ਹੁਣ ਦੂਰ ਨਹੀਂ ਹੈ
ਸੁਧਰਨ ਵਾਲੀ ਹੈ ਸਭ ਦੀ
ਤਕਦੀਰ ।''
10.
ਇੱਕ ਦਿਨ ਇੱਕ ਕਸਬੇ
ਕੋਲ ਦੀ ਲੰਘਦਿਆਂ
ਇੱਕ ਬਜ਼ੁਰਗ ਆਖਣ ਲੱਗਾ
'ਪਤਾ ਜੇ ਇਹ ਕਿਸ ਦਾ ਸ਼ਹਿਰ ਹੈ?
ਇਹ ਬੁੱਲ੍ਹੇ-ਸ਼ਾਹ ਦਾ ਵਤਨ ਕਸੂਰ ਹੈ
ਔਹ ਵੇਖੋ, ਖਜੂਰਾਂ ਦੇ ਉੱਚੇ-ਉੱਚੇ ਬਿਰਖ''
ਕਾਸ਼! ਜੇ ਅੱਜ ਬੁੱਲ੍ਹਾ ਜਿਊਾਦਾ ਹੁੰਦਾ
ਤਾਂ ਅਸੀਂ ਵੀ ਉਸਦੀ ਖੂਹੀ ਦਾ
ਠੰਢਾ ਪਾਣੀ ਪੀਂਦੇ
ਤੇ ਖਜੂਰਾਂ ਖਾਂਦੇ ।
ਸ਼ਹਿਰੋਂ ਬਾਹਰ ਨਿਕਲੇ
ਤਾਂ ਉਹੀ ਸੱਜਣ ਆਖਣ ਲੱਗਾ
''ਬੱਸ, ਅੱਜ ਸ਼ਾਮ ਤੀਕਰ
ਆਪਾਂ ਖੇਮਕਰਨ ਪਹੁੰਚ ਜਾਣਾ
ਲਾਲ-ਲਕੀਰ ਤੋਂ ਪਾਰ ।''
ਸੁਣਕੇ ਚਾਅ ਜਿਹਾ ਚੜ੍ਹ ਗਿਆ
ਤੇ ਅਸੀਂ ਬਾਲ
ਅੱਡੀਆਂ ਚੁੱਕ ਚੁੱਕ
ਉੱਚੇ ਬਿਰਖਾਂ ਦੀਆਂ ਟੀਸੀਆਂ ਨੂੰ
ਵੇਖਣ ਲੱਗੇ ।
ਸਰਹੱਦ ਦਾ ਨਾਂ ਸੁਣਕੇ
ਇੱਕ ਝਰਨਾਹਟ ਜਿਹੀ ਉੱਠਦੀ ਸੀ
ਸਾਰੇ ਜਿਸਮ ਵਿਚ
ਦੂਰ ਦੁਮੇਲਾਂ ਤੀਕ
ਧੁੱਪ ਨਾਲ ਰੰਗੀਆਂ
ਬਿਰਖਾਂ ਦੀਆਂ ਪਰੂੰਬਲਾਂ ਦਿਸਦੀਆਂ
ਅਖ਼ੀਰ ਸੰਧਿਆ ਉਤਰ
ਆਈ ਸੀ ਚਾਰੇ ਪਾਸੇ
ਤੇ ਕਿਸੇ ਦੀ ਮਿੱਠੀ
ਸੁਰੀਲੀ ਆਵਾਜ਼
ਹਵਾ ਵਿਚ ਲਰਜ਼ੀ ।
''ਆਹ ਹੈ, ਉਹ ਲਾਲ-ਲਕੀਰ
ਸਾਡੀ ਮਾੜੀ-ਚੰਗੀ ਤਕਦੀਰ ।''
ਜੀ ਕੀਤਾ, ਮਿੱਟੀ ਨੂੰ ਚੁੱਕ ਕੇ
ਮਸਤਕ ਤੇ ਲਾਈਏ ।
ਪਰ ਉੱਜੜੇ ਘਰਾਂ ਦੀ ਪੀੜ ਨੇ
ਸਾਨੂੰ ਇਹ ਕੁਝ ਵੀ ਨਾ
ਕਰਨ ਦਿੱਤਾ ।
ਫਿਰ ਵੀ ਸ਼ੁਕਰ ਕਰਦੇ ਸੀ,
ਕਿ ਘੱਲੂਘਾਰੇ ਵਿਚੋਂ
ਸਾਬਤ-ਸਬੂਤੇ ਨਿਕਲ
ਆਏ ਸੀ ਬਚਾ ਬਚਾ ਕੇ ।
11.
ਜੀਵਨ ਦਾ ਇੱਕ ਕਾਂਡ
ਖ਼ਤਮ ਹੋ ਗਿਆ ਸੀ
ਤੇ ਅੱਗੇ?
ਅੱਗੇ ਪਤਾ ਨਹੀਂ ਸੀ
ਕਿ ਕਿੰਨੇ ਟੋਏ ਤੇ ਖੱਡਾਂ ਸਨ
ਵੱਢ ਖਾਣੇ ਹਾਦਸੇ
ਤੇ ਲਹੂ-ਚੂਸਣੇ ਇਮਤਿਹਾਨ
ਪਰ ਕੁਝ ਸੁਪਨੇ ਵੀ ਸਨ
ਤੇ ਸੱਧਰਾਂ ਵੀ
ਪਿਤਾ ਜੀ ਨੇ ਠੰਡ-ਠੰਢੋਰਾ ਹੁੰਦੇ ਹੀ
ਸਾਨੂੰ ਸਕੂਲੇ ਦਾਖਲ ਕਰਵਾ ਦਿੱਤਾ
ਅਸਾਂ ਸੋਚਿਆ,
ਮਸਾਂ ਮਸਾਂ ਜਾਨ ਛੁੱਟੀ ਸੀ
ਇਹਨਾਂ ਪੋਥੀਆਂ ਤੋਂ
ਮਾਸਟਰਾਂ ਦੇ ਡੰਡਿਆਂ ਤੋਂ
ਤੇ ਰੱਤ-ਪੀਣੇ ਇਮਤਿਹਾਨਾਂ ਤੋਂ
ਪਰ ਪਿਤਾ ਜੀ ਨੇ
ਫਿਰ ਉਹੀ ਗਲ ਫਾਹਾ ਪਾ ਦਿੱਤਾ ਸੀ ।
ਹਰ ਮਹੀਨੇ ਜਦੋਂ
ਫੀਸ ਵਾਲੀ ਦਸ ਤਾਰੀਖ ਆਉਂਦੀ
ਤਾਂ ਪਿਤਾ ਜੀ ਆਖਦੇ,
''ਬੇਟਾ, ਦਿਹਾੜੀ ਪਹਿਲਾਂ
ਦੱਸਿਆ ਕਰੋ
ਕਿਤਿਉਂ ਚਾਰ ਛਿੱਲੜ
ਹੱਥ-ਹੁਧਾਰ ਹੀ ਲਿਆਉਣੇ ਹੁੰਦੇ ਹਨ ।
ਫੜ-ਫੜਾ ਕੇ
ਕਿਸੇ ਕੋਲੋਂ ।
12.
ਕੇਹਾ ਬਿਖੜਾ ਸਫ਼ਰ ਸੀ ਇਹ
ਅੱਖਰਾਂ ਦੀ ਪਛਾਣ ਦਾ
ਅਰਥਾਂ ਦੀ ਤਲਾਸ਼ ਦਾ
ਕਿ ਜਿਸ ਦਾ ਆਖ਼ਰੀ ਸਿਰਾ
ਨਹੀਂ ਸੀ ਲੱਭਦਾ ਕੋਈ ।
ਅੱਖਰਾਂ ਤੋਂ ਮਨੋ-ਭਾਵਾਂ ਤੀਕ ਦਾ ਪੰਧ
ਇਸ ਤੋਂ ਵੀ ਔਖੇਰਾ ਸੀ ।
ਸ਼ਾਇਦ ਇਸ ਮੋੜ ਤੇ ਪਹੁੰਚ ਕੇ ਹੀ
ਸ਼ਬਦਾਂ ਦੇ ਅਰਥ ਤੇ ਰੰਗ
ਸਮਝ ਆਉਣ ਲੱਗਦੇ ਨੇ ।
ਖ਼ਬਰੇ ਏਥੇ ਅੱਪੜ ਕੇ ਹੀ
ਪਤਾ ਲੱਗਦਾ ਹੈ
ਕਿ ਜ਼ਿੰਦਗੀ ਕਿਸ ਭਾਅ ਵਿਕਦੀ ਹੈ?
ਤੇ ਘਰੋਂ ਪੁੱਟੇ ਜਾਣ ਤੋਂ ਬਾਅਦ
ਦੁਬਾਰਾ ਪੈਰ ਕਿਵੇਂ ਲਾਉਣੇ ਹੁੰਦੇ ਹਨ ।
ਲਾਲ-ਲਕੀਰ ਦੇ ਆਰ-ਪਾਰ
ਖਲੋ ਕੇ ਹੀ ਪਤਾ ਲੱਗਦਾ ਹੈ
ਕਿ ਜੰਮਣ-ਭੋਂ ਤੋਂ ਵਿਛੁੰਨੇ ਜਾਣ ਦਾ
ਕੀ ਹੁੰਦਾ ਹੈ ਸੰਤਾਪ?
ਤੇ ਸਾਵੇਂ ਖਲੋਤੇ
ਧੁਆਂਖੇ ਭਵਿੱਖ ਦਾ ਤੌਖਲਾ ਕੀ ਹੁੰਦਾ ਹੈ ।
ਸ਼ਾਇਦ ਏਥੇ ਪਹੁੰਚ ਕੇ ਹੀ
ਬੰਦੇ ਦਾ ਤੀਜਾ ਨੇਤਰ ਖੁੱਲ੍ਹਦਾ ਹੈ ।