ਸੁਣ ਤੋ ਨੀਂ ਕਾਲ ਮਰੇਂਦਾ

ਸੁਣ ਤੋ ਨੀਂ ਕਾਲ ਮਰੇਂਦਾ ਈ,

ਹਰਿ ਭਜਿ ਲੈ ਗਾਹਕ ਵੈਂਦਾ ।ਰਹਾਉ।

ਡੂੰਘੇ ਜਲ ਵਿਚਿ ਮਛੁਲੀ ਵੱਸਦੀ,

ਭੈ ਸਾਹਿਬ ਦਾ ਮਨ ਨਹੀਂ ਰੱਖਦੀ,

ਉਸ ਮੱਛਲੀ ਨੂੰ ਜਾਲ ਢੂੰਢੇਂਦਾ ।1।

ਮੀਰ ਮਲਕੁ ਪਾਤਿਸ਼ਾਹੁ ਸ਼ਾਹਜ਼ਾਦੇ,

ਝੁਲਦੇ ਨੇਜ਼ੇ ਵੱਜਦੇ ਵਾਜੇ,

ਵਿਚ ਘੜੀ ਫਨਾਹਿ ਕਰੇਂਦਾ ।2।

ਕੋਠੇ ਮਮਟੁ ਤੇ ਚਉਬਾਰੇ,

ਵਸਿ ਵਸਿ ਗਏ ਕਈ ਲੋਕੁ ਵਿਚਾਰੇ,

ਇਕ ਪਲਕੁ ਰਹਿਣੇ ਦੇਂਦਾ ।3।

ਚਿੜੀ ਜਿੰਦੜੀ ਕਾਲਿ ਸਿਚਾਣਾ,

ਨਿਸਦਿਨ ਬੈਠਾ ਲਾਇ ਧਿਆਨਾ,

ਉਹ ਅਜਿ ਕਲਿ ਤੈਨੂੰ ਫਸੇਂਦਾ ।4।

ਕਹੈ ਹੁਸੈਨ ਫ਼ਕੀਰ ਨਿਮਾਣਾ,

ਦੁਨੀਆਂ ਛੋਡਿ ਆਖ਼ਿਰ ਮਰ ਜਾਣਾ,

ਨਰੁ ਕੂੜਾ ਮਾਨ ਕਰੇਂਦਾ ।5।

📝 ਸੋਧ ਲਈ ਭੇਜੋ