ਸੁੰਦਰਾਂ ਕਿ ਸੈਂਡਰਾ

ਇਸ ਕਮਰੇ ਵਿਚ

ਸਵੇਰ ਦਾ ਚਿਟਾ ਚਾਨਣ

ਅਤੇ ਚਿਟੇ ਵਸਤਰਾਂ ਵਾਲ਼ੀ ਨਰਸ

ਇਕੱਠੇ ਹੀ ਆਏ ਹਨ

ਸ਼ੀਸ਼ੇ ਤੇ ਬਾਹਰ ਖਿੜੇ ਫੁੱਲਾਂ ਦੇ

ਮੱਧਮ ਪ੍ਿਰਤਬਿੰਬ ਹਨ

ਨਰਸ ਦੇ ਮੰਹ ਤੇ ਫੁੱਲਾਂ ਜਿਹੇ ਬੋਲ ਹਨ

ਪਤਨੀ ਦੇ ਹੋਠਾਂ ਤੇ ਖਿਲਰਦੀ ਜਾਂਦੀ

ਮੁਸਕਾਨ ਦੀ ਲੀਕ ਹੈ

ਚਾਨਣ ਫੁੱਲ ਮੁਸਕਾਨਾਂ ਦੇ ਭਰੇ

ਇਸ ਕਮਰੇ ਵਿਚ

ਮੇਰੀ ਬੱਚੀ ਨੇ ਜਨਮ ਲਿਆ ਹੈ

ਬੱਚੀ ਦਾ ਨਾਮ ਸੁੰਦਰਾਂ ਰੱਖਾਂ ਕਿ

ਸੈਂਡਰਾ?

ਬੱਚੀ ਨੇ ਕਿਲਕਾਰੀ ਜਿਹੀ ਮਾਰੀ ਹੈ

ਜਿਵੇਂ ਪੁਛ ਰਹੀ ਹੋਵੇ:

ਸੁੰਦਰਾਂ ਕਿ ਸੈਂਡਰਾ?

ਬੱਸ ਕੁਛ ਵਰ੍ਹਿਆਂ ਦੀ ਤਾਂ ਗੱਲ ਹੈ

ਸੁੰਦਰਾਂ ਦੀਆਂ ਮੋਟੀਅਂ ਅੱਖਾਂ ਵਿਚ

ਲਾਜ ਦੀ ਖੁਸ਼ਬੂ ਭਰ ਜਾਵੇਗੀ

ਲਹੂ ਵਿਚ

ਵਫਾ ਦਾ ਉਨਾਬੀ ਰੰਗ ਬੋਲਾਂ ਮੋਹ

ਮਸਤਕ ਤੇ

ਪ੍ਰਤਿਭਾ ਦਾ ਚੰਨ ਪੂਰਨਮਾਸ਼ੀ ਵਾਂਗ

ਆਪਣੇ ਵੱਲ ਆਈ

ਹਰ ਮੁਸਕਾਨ ਦਾ ਸ਼ਹਿਦ

ਅੰਦਰੇ ਜਜ਼ਬ ਕਰ ਲਵੇਗੀ

ਆਪਣੇ ਵਲ ਉਠੀ ਹਰ ਨਿਗ੍ਹਾ ਦੀ ਮਹਿਕ

ਅੰਦਰੇ ਬੰਦ ਕਰ ਲਵੇਗੀ

ਖੁਲ੍ਹਾਂ ਤੋ ਸ਼ਰਮਾਵੇਗੀ

ਹਾਣੀਆਂ ਸੁੰਗੜ ਸੁੰਗੜ ਜਾਵੇਗੀ

ਹਰ ਮੋੜ ਤੇ ਮਾਂ ਦੀ ਅੱਖ ਵਲ

ਝਾਕੇਗੀ ਸੁੰਦਰਾਂ

ਆਪਣੇ ਕੰਨ ਪਏ ਬੋਲਾਂ ਦੀਆਂ ਸੁਰਾਂ

ਰਾਤ ਦੀ ਇਕੱਲ ਵਿਚ

ਸੁਣ ਸੁਣ ਝੁਮੇਗੀ

ਮਾਂ ਦੀ ਪਿਆਰੀ ਸੁੰਦਰਾਂ

ਹਾਣੀਆਂ ਵਿਚਾਰੀ ਸੁੰਦਰਾਂ

ਕੁਝ ਵਰ੍ਹਿਆਂ ਦੀ ਤਾਂ ਗੱਲ

ਸੈਂਡਰਾ ਦੇ ਮੂੰਹ ਤੇ

ਚੈਰੀਆਂ ਰਸ ਜਾਣਗੀਆਂ

ਆਪਣੇ ਵਲ ਆਈਆਂ ਮੁਸਕਾਨਾਂ ਵਿਚ

ਆਪਣੀ ਮੁਸਕਣੀ ਥਰਕਾ ਦੇਵੇਗੀ

ਆਪਣੇ ਵਲ ਆਏ ਬੋਲਾਂ ਵਿਚ ਹੱਸ ਕੇ

ਆਪਣੇ ਬੋਲ ਰਲਾ ਦੇਵੇਗੀ

ਮਾਂ ਦੇ ਭੋਲੇਪਣ ਤੇ

ਨਿਰਛਲ ਜਿਹਾ ਹੱਸੇਗੀ

ਗਲਵੱਕੜੀ ਵਿਚ ਕੱਸੇਗੀ

ਤੇ ਕਹੇਗੀ:

ਮੰਮੀ ਪਿਆਰੀ ਮੰਮੀ

ਤੇਰੇ ਸਮੇ ਦਾ ਰੰਗ ਹੋਰ ਸੀ

ਮੇਰੇ ਸਮੇ ਦਾ ਰੰਗ ਹੋਰ

ਬਹੁਤ ਹੋਰ ਹੈ

ਤੇਰੇ ਸੁਪਨੇ ਤਾਂ ਬੱਸ ਸੁਪਨੇ ਸਨ

ਵਿਚਾਰੀ ਮੰਮੀ ਦੀ ਕੁਮਾਰੀ ਸੈਂਡਰਾ

ਹਾਣੀਆਂ ਦੀ ਪਿਆਰੀ ਸੈਂਡਰਾ

ਬੱਚੀ ਨੇ ਫੇਰ

ਨਿਰਛਲ ਜਿਹੀ ਚੀਕ ਮਾਰੀ ਹੈ:

ਸੁੰਦਰਾਂ ਕਿ ਸੈਂਡਰਾ

📝 ਸੋਧ ਲਈ ਭੇਜੋ