ਸੁਣੇਗਾ ਕੌਣ ਅਜ

ਸੁਣੇਗਾ ਕੌਣ ਅਜ ਮੇਰੀ ਕਹਾਣੀ, 

ਕਹਾਣੀ ਤੇ ਮੇਰੀ ਆਪਣੀ ਜ਼ਬਾਨੀ । 

ਜੇ ਫੁੱਲਾਂ ਦੇ ਨਹੀਂ ਸਨ ਬੁੱਲ੍ਹ ਪਿਆਸੇ, 

ਤਾਂ ਕਾਹਨੂੰ ਡੋਲ੍ਹਿਆ ਅਰਸ਼ਾਂ ਨੇ ਪਾਣੀ ।

ਜ਼ਰਾ ਇਸ ਘੋਲ ਨੂੰ ਤਕ ਕੇ ਹੀ ਜਾਣਾ, 

ਹੈ ਇਹ ਦੁਨੀਆਂ ਤੇ ਮੈਂ ਹਾਂ ਜ਼ਿੰਦਗਾਨੀ । 

ਮੇਰੇ ਜੋਬਨ ਨੂੰ ਲਾਹਨਤ ਕਹਿਣ ਵਾਲੇ, 

ਤੇਰੇ ਸਾਲਾਂ ਨੂੰ ਆ ਦੇ ਦਾਂ ਜਵਾਨੀ । 

ਮੈਨੂੰ ਪੁਛਦਾ ਏਂ ਕੀ ਮੂੰਹ ਲਾ ਕੇ ਤਕ ਲੈ,

ਮੇਰੇ ਪਿਆਲੇ 'ਚ ਹੈ ਮਦਿਰਾ ਜਾਂ ਪਾਣੀ । 

ਮੈਨੂੰ ਆਖੇਂ ਨ ਬੁੱਲ੍ਹ ਮਿੱਟੀ ਦੇ ਚੁੰਮਾਂ, 

ਕਦੀ ਤਾਂ ਕਰ ਸਹੀ ਕੋਈ ਗਲ ਸਿਆਣੀ । 

ਮੈਨੂੰ ਵਿਦਿਆ ਕਰੋ ਤੂਫ਼ਾਨ ਕੰਢੇ, 

ਬਹੁਤ ਚਲ ਆਏ ਸਾਥੀ ਮਿਹਰਬਾਨੀ ।

📝 ਸੋਧ ਲਈ ਭੇਜੋ