ਸੁਣਿਉ ਅਕਲਾਂ ਵਾਲਿਓ

ਸੁਣਿਉ ਅਕਲਾਂ ਵਾਲਿਓ, ਬਿਰਖਾਂ ਦਾ ਵਿਰਲਾਪ ।

ਜੜ੍ਹ ਤੋਂ ਪੁੱਟਣ ਵਾਸਤੇ, ਮਾਲੀ ਢੁੱਕੇ ਆਪ ।

ਹੁਣ ਜੰਗਲ ਦੇ ਜੰਤੂਆਂ, ਅੰਦਰ ਛਿੜਦੀ ਗੱਲ,

ਬੰਦੇ ਸਾਡੀ ਧਰਤ ਦਾ ਕਿਉਂ ਲੈਂਦੇ ਨੇ ਨਾਪ ।

ਕਿਉਂ ਦਰਿਆਵੀਂ ਕੰਢਿਆਂ, ਤੇ ਲਾਵੇਂ ਉਦਯੋਗ,

ਕਿਉਂ ਪਾਣੀ ਵਿਚ ਜ਼ਹਿਰ ਨੂੰ, ਘੋਲਣ ਲੱਗੈਂ ਆਪ ।

ਕੀ ਕਰਨੀ ਕਠਪੁਤਲੀਆਂ, ਨੇ ਮਰਜ਼ੀ ਤੂੰ ਦੱਸ,

ਹੋਣ ਮਦਾਰੀ ਸਾਹਮਣੇ ਬੇਬੱਸ ਤੇ ਚੁਪ ਚਾਪ ।

ਆਪਣੇ ਹੱਕਾਂ ਵਾਸਤੇ, ਬੋਲਣ ਵਾਲੇ ਲੋਕ, 

ਹੁਣ ਤਾਂ ਆਪਣੇ ਆਗੂਆਂ, ਦਾ ਹੀ ਕਰਦੇ ਜਾਪ ।

ਹੁਣ ਬੇਬਾਕ ਬੁਲਾਰਿਆਂ, ਦੇ ਕੀ ਦੱਸਾਂ ਹਾਲ,

ਕਿੰਝ ਜ਼ੁਬਾਨਾਂ ਠਾਕੀਆਂ, ਤੇ ਭੋਗਣ ਸੰਤਾਪ ।

ਜੰਗਲ ਦੇ ਵਿਚ ਪੱਥਰਾਂ, ਦਾ ਵਸਣਾ ਏ ਸ਼ਹਿਰ, 

ਸੁਣ ਕੇ ਮੱਚ ਗਈ ਪੰਛੀਆਂ, ਅੰਦਰ ਆਪੋ ਧਾਪ ।

ਕੁਦਰਤ ਦੇਖਣ ਮੌਲਦੀ, ਅੱਖਾਂ ਵਾਲੇ ਲੋਕ,

ਐਪਰ, ਹਾਕਮ ਅੰਨ੍ਹਿਆਂ, ਨੂੰ ਬੈਠੇ ਨੇ ਥਾਪ ।

📝 ਸੋਧ ਲਈ ਭੇਜੋ