ਫੁੱਲ ਭਖਿਆ ਕਰੀਰਾਂ ਦਾ, 

ਕਣਕਾਂ 'ਤੇ ਚੰਨ ਚਮਕੇ

ਜੰਡ ਸੁੱਕਿਆ ਫ਼ਕੀਰਾਂ ਦਾ।

ਜੰਡ ਕੋਲ ਬਹਾਰਾਂ ਨੇ,

ਸੁੱਕਿਆਂ ਪੱਤਿਆਂ ਦਾ

ਲਿਆ ਓਢਣ ਯਾਰਾਂ ਨੇ।

ਦੋ ਉੱਡੀਆਂ ਕੂੰਜਾਂ ਹੋ,

ਜੰਡ ਪ੍ਰਦੇਸੀ 'ਤੇ

ਕਿਰ ਜਾਵਣ ਬੂੰਦਾਂ ਦੋ।

ਜੰਡ ਧਰਤੀ 'ਚੋਂ ਜਾਗ ਪਿਆ, 

ਅਰਸ਼ਾਂ 'ਤੇ ਫੁੱਲ ਖਿੜਦੇ 

ਸੁੱਕੇ ਪੱਤਿਆਂ 'ਤੇ ਨਾਗ ਪਿਆ।

ਚੰਨ ਚਮਕੇ ਜ਼ੋਰਾਂ ਦਾ

ਕੂੰਜਾਂ ਦੇ ਖੰਭ ਉੱਗਦੇ 

ਦੀਵਾ ਜਗਦਾ ਗੋਰਾਂ ਦਾ।

ਤਾਰਾ ਟੁੱਟਿਆ ਵਾਟਾਂ ਦਾ, 

ਧਰਤੀ ਦਾ ਚੱਕ ਹੌਲੇ

ਹੰਝੂ ਕਿਰਦਾ ਤ੍ਰਾਟਾਂ ਦਾ।

ਕੱਲਾ ਜੰਡ ਦਰਵੇਸ਼ਾਂ ਦਾ,

ਧੂੜਾਂ ਦੇ ਖੰਭ ਹੇਠਾਂ

ਵੱਗੇ ਖ਼ੂਨ ਹਮੇਸ਼ਾਂ ਦਾ।

ਚੰਨ ਰੁਲਦਾ ਪੱਤਿਆਂ 'ਤੇ, 

ਰੂਹ ਦਰਿਆਵਾਂ ਦੀ

ਸੀਨੇ ਬ੍ਰਿਛਾਂ ਤੱਤਿਆਂ ਦੇ।

ਪੈੜਾਂ ਦੇ ਸਿੰਧ ਭਰੇ,

ਸੁੰਨ ਵਿਚ ਕੂਕ ਪਈ

ਕਿੱਥੇ ਹੋ ਗਏ ਨੇ ਬਾਗ਼ ਹਰੇ ?

ਦੀਵੇ ਬੁੱਝ ਗਏ ਗੋਰਾਂ 'ਤੇ,

ਕਾਫ਼ਲੇ ਛਿਪ ਜਾਂਦੇ

ਤੁੰਦ ਪੌਣ ਦੇ ਮੋੜਾਂ 'ਤੇ।

ਜੰਡ ਵਸਦੇ ਉਮੀਦਾਂ ਦੇ,

ਸੱਥਰਾਂ ਨੂੰ ਰੂਪ ਚੜ੍ਹੇ 

ਤਕ ਨੈਣ ਮੁਰੀਦਾਂ ਦੇ।

📝 ਸੋਧ ਲਈ ਭੇਜੋ