ਲੱਗੀ ਲੋਅ ਤੇ ਪਹਿਲੜਾ ਪਹਿਰ ਲੱਗਾ

ਫੇਰ ਦੂਸਰੇ ਪਹਿਰ ਨੇ ਸੱਦ ਲਾਈ

ਇੱਕ ਤੇਰੇ ਵਿਯੋਗ ਦਾ ਸੇਕ ਡਾਢਾ

ਦੂਜਾ ਉਮਰ ਦੀ ਸਿਖਰ ਦੁਪਹਿਰ ਆਈ

ਤੇਰਾ ਖ਼ਤ ਸਾਨੂੰ ਅੱਜ ਬਹੁੜਿਆ

ਜਿਵੇਂ ਸੱਤਾਂ ਆਸਮਾਨਾਂ ਤੇ ਘਟਾ ਛਾਈ

ਦੋਵੇਂ ਅੱਖੀਆਂ ਸਾਡੀਆਂ ਝੂਮ ਪਈਆਂ

ਮੱਥੇ ਵਿਚ ਨਸੀਬਾਂ ਨੇ ਪੈਲ ਪਾਈ

ਦੋਵੇਂ ਹੱਥ ਸਾਡੇ ਅੱਜ ਹੋਏ ਬੌਰੇ

ਅੱਖਾਂ ਝੱਲੀਆਂ ਹੁੰਦੀਆਂ ਜਾਂਦੀਆਂ ਨੇ

ਕਲਮਾਂ ਤੇਰੀਆਂ ਅੱਜ ਸਰਨਾਵਿਆਂ ਤੇ

ਸਾਡੇ ਨਾਵੇਂ ਨੂੰ ਪਈਆਂ ਬੁਲਾਂਦੀਆਂ ਨੇ

ਚਹੁੰ ਪੋਟਿਆਂ ਤੇ ਗਿਣੀਆਂ ਚਾਰ ਲੀਕਾਂ

ਕੀ ਕੁਝ ਪੁਛਦੀਆਂ ਤੇ ਕੀ ਕੁਝ ਆਂਹਦੀਆਂ ਨੇ

ਲੱਖਾਂ ਬਿਜਲੀਆਂ ਉੱਠਕੇ ਅੱਖਰਾਂ 'ਚੋਂ

ਪਈਆਂ ਪੋਟਿਆਂ ਵਿਚ ਸਮਾਂਦੀਆਂ ਨੇ

ਖੰਭਾਂ ਹੇਠ ਹੈ ਜਿਮੀਂ ਵਲ੍ਹੇਟ ਬੈਠਾ

ਸਾਰੇ ਅੰਬਰ 'ਤੇ ਆਣ ਕੇ ਇੰਜ ਛਾਇਆ

ਲੱਖਾਂ ਰਹਿਮਤਾਂ ਆਪਣੇ ਨਾਲ ਲੈ ਕੇ

ਹੋ ਕੇ ਦੂਤ ਜਿਉਂ ਕਿਸੇ ਦਾ ਮੇਘ ਆਇਆ

ਅੱਖਰ ਜਾਦੂਆਂ ਵਿਚ ਲਬੇੜ ਕੇ ਤੇ

ਪਾਲਾਂ ਬੰਨ੍ਹ ਕੇ ਆਪਣੇ ਨਾਲ ਲਿਆਇਆ

ਸਾਡੀ ਜਿੰਦ ਨੂੰ ਆਣ ਕੇ ਕੀਲ ਬੈਠਾ

ਟੂਣੇ ਹਾਰਿਆ ਵੇ ਕਿਹਾ ਖ਼ਤ ਪਾਇਆ !

ਪੰਜਾਂ ਉੱਤੇ ਹੈ ਵੀਹ ਸੌ ਪੰਜ ਸੰਮਤ

ਚੜ੍ਹਿਆ ਚੇਤਰ ਮਹੀਨਾ ਤੇ ਹੋਈ ਨਾਵੀਂ

ਹੱਥੀਂ ਆਪਣੇ ਲਿਖੇ ਸੁਨੇਹੁੜੇ ਮੈਂ

ਹੱਥੀਂ ਆਪਣੀ ਆਪ ਵਸੂਲ ਪਾਵੀਂ

ਏਨ੍ਹਾਂ ਕਾਗਜ਼ਾਂ ਨੂੰ ਏਨ੍ਹਾਂ ਕਾਸਦਾਂ ਨੂੰ

ਪਹਿਲੋਂ ਖ਼ੈਰ ਖ਼ੈਰੀਅਤ ਦੇ ਨਾਲ ਬ੍ਹਾਵੀਂ

ਫੇਰ ਹਾਲ ਹਵਾਲ ਜੋ ਪੁੱਛਣਾ ਈਂ

ਏਨ੍ਹਾਂ ਮਹਰਿਮਾਂ ਦੇ ਕੋਲ ਬੈਠ ਜਾਵੀਂ

ਰੁੱਤਾਂ ਭੌਂਦੀਆਂ ਤੇ ਵਰ੍ਹੇ ਪਏ ਗਿੜਦੇ

ਵੇ ਕੋਈ ਅੰੰਤ ਨਹੀਓਂ ਏਨ੍ਹਾਂ ਗੇੜਿਆਂ ਦੇ

ਜਿਹੜੇ ਮੂੰਹ ਤੋਂ ਰੌਣਕਾਂ ਰੁੱਸ ਗਈਆਂ

ਹਾਲ ਵੇਖ ਜਾਵੀਂ ਓਨ੍ਹਾਂ ਵੇਹੜਿਆਂ ਦੇ

ਅੱਖਾਂ ਭਰੀਆਂ ਨੇ ਨਾਲ ਗਲੇਡੂਆਂ ਦੇ

ਹੋਠ ਭਰੇ ਨੇ ਨਾਲ ਸੁਨੇਹੁੜਿਆਂ ਦੇ

ਸਾਰ ਜਾਣਦੇ ਨੇ ਏਨ੍ਹਾ ਅੱਖਰਾਂ ਦੀ

ਸੱਜਣ ਵਿੱਛੜੇ ਸੱਜਣਾਂ ਜੇਹੜਿਆਂ ਦੇ

ਭਲਾ ਦੱਸ ਮੈਂ ਏਨ੍ਹਾਂ ਨੂੰ ਕੀ ਆਖਾਂ

ਏਨ੍ਹਾਂ ਹੰਝੂਆਂ ਹੱਥੀਂ ਸਹੇੜਿਆਂ ਨੂੰ

ਹੱਸ ਕੰਡੇ ਵੀ ਓਨ੍ਹਾਂ ਦੇ ਚੁੱਗ ਲਈਏ

ਹਥੀਂ ਆਪ ਲਾਈਏ ਫੁੱਲਾਂ ਜੇਹੜਿਆਂ ਨੂੰ

ਛੇੜੀ ਗੱਲ ਤੇ ਅੱਖੀਆਂ ਨਾਲ ਛਿੜੀਆਂ

ਛੇੜ ਬੈਠੇ ਹਾਂ ਕਿੱਸਿਆਂ ਕੇਹੜਿਆਂ ਨੂੰ

ਕਾਸਦ ਅੱਖੀਆਂ ਦੇ ਕਾਗਜ਼ ਪਏ ਲਿਖਦੇ

ਲੈ ਕੇ ਆਏ ਨੀ ਮੇਰੇ ਸੁਨੇਹੁੜਿਆਂ ਨੂੰ

ਬਹਿ ਕੇ ਆਪ ਤੂੰ ਸੁਣੀ ਸੁਨੇਹੁੜਿਆਂ ਨੂੰ

ਬਹਿ ਕੇ ਆਪ ਵਾਚੀਂ ਏਨ੍ਹਾਂ ਪਾਤੀਆਂ ਨੂੰ

ਦੋਹਵਾਂ ਅੱਖੀਆਂ ਦੇ ਵਿਚ ਡੋਬ ਦੇਵੀਂ

ਦੋਵੇਂ ਅੱਖੀਆਂ ਭਰੀਆਂ ਭਰਾਤੀਆਂ ਨੂੰ

ਹੱਡ ਬਾਲਕੇ ਵਰ੍ਹੇ ਹੰਗਾਲ ਛੱਡੇ

ਅਸਾਂ ਪਾਲਿਆ ਚਿਣਗ ਚਵਾਤੀਆਂ ਨੂੰ

ਇੱਕੋ ਹਰਫ਼ ਵਾਲੇ ਇੱਕੋ ਵਿਰਦ ਉੱਤੋਂ

ਵਾਰ ਸੁੱਟਿਆ ਦੋਹਾਂ ਹਯਾਤੀਆਂ ਨੂੰ

ਜੇਹੜਾ ਪਾਇਆ ਅੱਜ ਸਵਾਲ ਮੈਨੂੰ

ਰੋਜ਼ ਹਸ਼ਰ ਦਾ ਇਹੀ ਸਵਾਲ ਮੇਰਾ

ਜਿਹੜੀ ਛੱਲ ਹੈ ਤੇਰੀਆਂ ਅੱਖੀਆਂ 'ਚ

ਓਹੀਓ ਅੱਖੀਆਂ ਵਿਚ ਉਬਾਲ ਮੇਰਾ

ਕਾਹਨੂੰ ਫੇਰ ਮੁੜਕੇ ਸੁਰਤਾਂ ਪੁੱਛੀਆਂ ਨੀ

ਪੁੱਛਣ ਗੋਚਰਾ ਨਹੀਂ ਸੀ ਹਾਲ ਮੇਰਾ

ਤੇਰਾ ਨਾਤਾ ਹੈ ਹਿਜਰ ਦੇ ਨਾਲ ਜਿਹੜਾ

ਓਹੀਓ ਵਾਸਤਾ ਓਸ ਦੇ ਨਾਲ ਮੇਰਾ

ਬੀਤੇ ਕਈ ਸਤਵਾਰ ਤੇ ਬੀਤ ਚੱਲੇ

ਕਈ ਬੀਤ ਗਏ ਨੇ ਬਾਰਾਂ ਮਾਹ ਸਾਡੇ

ਜੋ ਵੀ ਸਾਲ ਚੜ੍ਹਦਾ ਜੋ ਵੀ ਚੜ੍ਹੇ ਸੰਮਤ

ਓਹੀਓ ਸਾਲ ਡਾਢਾ ਓਹੀਓ ਸੰਨ ਡਾਢੇ

ਛੀਏ ਰੁੱਤਾਂ ਹੀ ਵੇਖ ਗ਼ਮਰੁਠ ਹੋਈਆਂ

ਵੇਖ ਪੁੰਨਦੇ ਪੁੰਨ ਗਏ ਦਿਹੁੰ ਸਾਡੇ

ਪੈਂਤੀ ਅੱਖਰ ਹੀ ਸਾਡੇ ਵਿਯੋਗ ਵਾਲੇ

ਜਿਹੜਾ ਰਾਹ ਫੜਿਆ ਸੋਈਓ ਪਿਆ ਆਡੇ

ਨਾ ਕੋਈ ਦਿੱਤੇ ਨੇ ਅਸਾਂ ਉਲਾਂਭੜੇ ਵੇ

ਨਾ ਕੋਈ ਗਿਲੇ ਗੁਜ਼ਾਰਸ਼ਾਂ ਕੀਤੀਆਂ ਨੇ

ਕਿਸੇ ਹੀਰ ਦੀ ਕਬਰ ਚੋਂ ਵਾਜ ਆਈ

ਅਸਾਂ ਡੀਕ ਲਾ ਜ਼ਹਿਰਾਂ ਪੀਤੀਆਂ ਨੇ

ਬਾਦਸ਼ਾਹਣੀ ਝਨਾਂ ਦੀ ਕਹਿਣ ਲੱਗੀ

ਪੁੱਛ ਮੇਰੇ ਤੋਂ ਜਿਹੜੀਆਂ ਬੀਤੀਆਂ ਨੇ

ਕਣੀ ਕਣੀ ਫੇਰ ਜ਼ਿਮੀ ਦੀ ਬੋਲ ਉੱਠੀ

ਅਸਾਂ ਝੋਲੀ 'ਚ ਪਾਈਆਂ ਅਨੀਤੀਆਂ ਨੇ

ਟੁੱਟੀ ਇੱਕ ਪੱਤੀ ਕਿਸੇ ਟਾਹਣ ਨਾਲੋਂ

ਵਣਾਂ ਵਣਾਂ ਚੋਂ ਰੋਹਣੀਆਂ ਬੋਲ ਪਈਆਂ

ਰੋਈਆਂ ਚੂਰੀਆਂ ਤੇ ਛੰਨੇ ਵਿਲਕ ਉੱਠੇ

ਬੇਲੇ ਬੇਲੇ ਚੋਂ ਦੋਹਣੀਆਂ ਬੋਲ ਪਈਆਂ

ਜਲਾਂ ਥਲਾਂ 'ਚੋਂ ਇਕ ਆਵਾਜ਼ ਹੋ ਕੇ

ਕਈ ਸੱਸੀਆਂ ਸੋਹਣੀਆਂ ਬੋਲ ਪਈਆਂ

ਇੱਕੋ ਵਾਜ ਮੇਰੀ ਨਹੀਂਓਂ ਵਾਜ ਇੱਕੋ

ਵਾਜ ਵਾਜ 'ਚੋਂ ਹੋਣੀਆਂ ਬੋਲ ਪਈਆਂ

ਲੱਖਾਂ 'ਵਾਜ਼ਾਂ ਦੀ ਇਕ ਆਵਾਜ਼ ਹੋਈ

ਇੱਕੋ ਇਕ ਸੁਨੇਹੁੜਾ ਦੇਣ ਲੱਗੀ

ਰਹੀ ਹੱਥ ਦੇ ਵਿਚ ਹਮੇਲ ਸਾਡੀ

ਸੁੱਤੇ ਫੁੱਲ ਸਾਡੇ ਸੁੱਤੀ ਰਹੀ ਸੱਗੀ

ਏਸ ਹੋਣੀ ਨੂੰ ਹੋਰ ਕੀ ਆਖੀਏ ਵੇ

ਜੇਹੜੀ ਹੋਣੀ ਹਯਾਤੀਆਂ ਨਾਲ ਤੱਗੀ

ਮੇਰੀਆਂ ਰਾਂਝਣਾਂ ਵੇ ! ਮੇਰਿਆਂ ਪੰਨੂੰਆਂ ਵੇ !

ਮੇਰਿਅ ਮਹੀਂਵਾਲਾ ! ਕਹੀ ਕਲਮ ਵੱਗੀ

ਜੇ ਕੋਈ ਲੈਣਾਂ ਮੇਰਾ ਸੁਨੇਹੁੜਾ ਵੇ

ਮੇਰਾ ਲਈਂ ਸੁਨੇਹੁੜਾ ਢੋਲਾ

ਪੁੱਠੀ ਕਲਮ ਨੂੰ ਪਕੜ ਕੇ ਕਲਮ ਸਿੱਧੀ

ਦੇਵੀਂ ਓਸਦੇ ਹੱਥ ਫੜਾ ਢੋਲਾ

ਬੋਲੇ ਕੋਈ ਸ਼ਰੱਈਅਤ ਜੇ ਆਣ ਕੇ ਤੇ

ਦੇਵੀਂ ਓਸਦੀ ਸ਼ਰ੍ਹਾ ਵਟਾ ਢੋਲਾ

ਰੱਬ ਫੇਰ ਵੀ ਕਰੇ ਜੇ ਉਜ਼ਰ ਕੋਈ

ਬਦਲ ਦੇਈਂ ਤੂੰ ਓਹਦੀ ਰਜ਼ਾ ਢੋਲਾ

ਡਾਚੀ ਸਮੇਂ ਦੀ ਅਜੇ ਨਖੇੜ ਦੇਂਦੀ

ਸੱਸੀ ਅਜੇ ਵੇ ਪੁੰਨੂੰ ਦਾ ਖੁਰਾ ਭਾਲੇ

ਦੋਵੇਂ ਅੱਟੀਆਂ ਹੁਸਨ ਦਾ ਮੁੱਲ ਪੈਂਦਾ

ਹੱਥ ਤੇਸਾ ਤੇ ਅਜੇ ਵੀ ਪੈਰ ਛਾਲੇ

ਕੁੱਠਾ ਇਸ਼ਕ ਜੋ ਛੁਰੀ ਅਪੁੱਠੜੀ ਤੋਂ

ਰੱਤ ਓਸਦੀ ਸਿੰਮਦੀ ਪਈ ਹਾਲੇ

ਕਾਨੀ ਸਮੇਂ ਦੀ ਸਦਾ ਹੀ ਰਹੀ ਲਿਖਦੀ

ਖ਼ੂਨੀਂ ਪੱਤਰੇ ਪਿਆਰ ਦੀ ਬੀੜ ਵਾਲੇ

ਪੱਛੀ ਹੋਈ ਜ਼ਿਮੀ ਦੀ ਪਿੱਠ ਸਾਰੀ

ਖੁਰੇ ਡਾਚੀ ਦੇ ਅੱਜ ਨਾਸੂਰ ਹੋ ਗਏ

ਵਣਜਾਂ ਵਾਲਿਆਂ ਨੇ ਕੱਚੇ ਵਣਜ ਕੀਤੇ

ਪਾਣੀ ਛੱਲਾਂ ਦੇ ਨਾਲ ਭਰਪੂਰ ਹੋ ਗਏ

ਕੈਦੋਂ ਸਮੇਂ ਦੇ ਹੋਰ ਵੀ ਹੋਏ ਡਾਢੇ

ਚਾਕ ਸਮੇਂ ਦੇ ਹੋਰ ਮਜਬੂਰ ਹੋ ਗਏ

ਪੈਂਡੇ ਤਖ਼ਤ ਹਜ਼ਾਰਿਓਂ ਝੰਗ ਵਾਲੇ

ਹੁੰਦੇ ਹੁੰਦੇ ਅੱਜ ਹੋਰ ਵੀ ਦੂਰ ਹੋ ਗਏ

ਇਕੋ ਇਕ ਸੁਨੇਹੜਾ ਦਿਆਂ ਤੈਨੂੰ

ਕਲਮਾਂ ਵਾਲੇ ਦੀ ਕਲਮ ਨੂੰ ਘੜੀਂ ਜਾ ਕੇ

ਜਾਂ ਫਿਰ ਕਲਮ ਹੀ ਓਸਦੀ ਬਦਲ ਦੇਵੀਂ

ਸਿਆਹੀ ਬਦਲ ਦੇਵੀਂ ਸਿਆਹੀ ਨਵੀਂ ਪਾ ਕੇ

ਰੱਖੀਂ ਕੋਰ ਨਿਕੋਰਿਆਂ ਕਾਗ਼ਜ਼ਾਂ ਨੂੰ

ਉੱਤੇ ਜ਼ਿਮੀਂ ਦੇ ਹੱਕ ਦੀ ਮੋਹਰ ਲਾ ਕੇ

ਅੱਖਰ ਓਸ ਦੇ ਹੱਥ ਫੜਾਈਂ ਐਸੇ

ਬਦਲ ਦਏ ਉਹ ਸਾਰੇ ਫ਼ੁਰਮਾਨ ਕੇ

ਓਹੋ ਸ਼ੇਅਰ ਤੇ ਓਹੋ ਹੈ ਬਹਿਰ ਓਹਦੀ

ਬਦਲ ਗਏ ਨੇ ਅੱਜ ਅਨੁਵਾਨ ਢੋਲਾ

ਸੱਤੇ ਸ਼ਰ੍ਹਾ ਸ਼ਰੱਈਅਤਾਂ ਤੇਰੀਆਂ ਨੇ

ਤੇਰੇ ਨਾਲ ਹੈ ਜੱਗ ਜਹਾਨ ਢੋਲਾ

ਹੱਥੀਂ  ਆਪਣੀ ਫੜੀਂ ਤੂੰ ਆਪ ਕਾਨੀ

ਏਸੇ ਕਾਨੀ ਨੂੰ ਚਾੜ੍ਹ ਕੇ ਸਾਨ ਢੋਲਾ

ਉਹਦੇ ਵੇਦ ਕਤੇਬਾਂ ਦਾ ਬਣੀਂ ਕਾਤਬ

ਸੋਧ ਦੇਈ ਤੂੰ ਸ਼ਾਹੀ ਫੁਰਮਾਨ ਢੋਲਾ

ਸ਼ਾਹੀ ਚਿੰਨ੍ਹਾਂ ਦੇ ਸ਼ਾਹੀ ਫੁਰਮਾਨ ਸਾਰੇ

ਤੇਰੀ ਕਾਨੀ ਨੂੰ ਪਏ ਉਡੀਕਦੇ ਨੇ

ਚੇਨ੍ਹ ਸਮੇਂ ਵਾਲੇ ਚੱਕਰ ਸਮੇਂ ਵਾਲੇ

ਆਸ਼ਕ ਹੋਏ ਤੇਰੀ ਇੱਕੋ ਲੀਕ ਦੇ ਨੇ

ਕੱਚੀ ਵੱਟ 'ਤੇ ਪੈਰਾਂ ਦੇ ਪਹੇ ਤੇਰੇ

ਪੱਕੇ ਪੰਧ ਦੀ ਪੈੜ ਉਲੀਕਦੇ ਨੇ

ਸ਼ਾਹੀ ਤਾਜ ਦਾ ਕੋਈ ਵਸਾਹ ਨਹੀਂਓਂ

ਵਾਅਦੇ ਜ਼ਿਮੀਂ ਵਾਲੇ ਹਸ਼ਰ ਤੀਕ ਦੇ ਨੇ

ਹੱਕ ਸਮੇਂ ਦਾ ਸ਼ਾਹ ਅਸਵਾਰ ਹੋਵੇ

ਵਾਗ ਸਮੇਂ ਦੀ ਇੰਜ ਸੰਭਾਲਣਾ ਵੇ !

ਪੈਰ ਜੱਗ ਦੇ ਮੰਜ਼ਲਾਂ ਢੂੰਡ ਸੱਕਣ

ਦੋਵਾਂ ਦੀਵਿਆਂ ਨੂੰ ਈਕਣ ਬਾਲਣਾ ਵੇ !

ਨਵੀਂ ਰੁੱਤ ਦਾ ਕੋਈ ਸੰਦੇਸ਼ ਦੇਣਾ

ਏਸ ਕਾਨੀ ਦੀ ਲਾਜ ਨੂੰ ਪਾਲਣਾ ਵੇ !

ਬੂਰ ਪਵੇ ਜੁ ਜ਼ਿਮੀਂ ਦੇ ਰੁੱਖ ਉੱਤੇ

ਟਾਹਣੀ ਅਮਨ ਦੀ, ਉਮਰ ਦਾ ਆਲ੍ਹਣਾ ਵੇ !

📝 ਸੋਧ ਲਈ ਭੇਜੋ