ਸੁਣਿਆ ਸੀ ਕਿ ਬਾਹਰ ਹੈ

ਸੁਣਿਆ ਸੀ ਕਿ ਬਾਹਰ ਹੈ, ਸਾਵਣ ਦੀ ਘਟਾ ਆਈ।

ਜਦ ਦੇਖਿਆ ਅੰਬਰ ਤਕ, ਵਧ ਚੁੱਕੀ ਸੀ ਮਹਿੰਗਾਈ।

ਹੈ ਇਸ ਤੋਂ ਸਿਵਾ ਬਜਟ, ਦੀ ਹੋਰ ਹਕੀਕਤ ਕੀ?

ਫਿਰ ਦੇਸੀ ਪਿਆਲੇ ਵਿਚ, ਅੰਗਰੇਜ਼ੀ ਸ਼ਰਾਬ ਆਈ।

ਇਸ ਕੋਲ ਮੁਲਾਜ਼ਮ ਲਈ, ਬੁਰਕੀ ਤੋਂ ਸਿਵਾ ਕੀ ਹੈ,

ਸਰਕਾਰ ਅਸਾਡੀ ਹੈ, ਪਰਖੀ ਅਤੇ ਅਜ਼ਮਾਈ।

ਕੁਝ ਐਸੇ ਵੀ ਲੋਕਾਂ ਨੇ, ਫੁੱਲਾਂ ਨੂੰ ਕਹਿਣ ਪੱਥਰ,

ਅੱਖਾਂ ਤਾਂ ਭਲੇ ਰੱਖਣ, ਪਰ ਰੱਖਦੇ ਨਾ ਬੀਨਾਈ।

ਹੁਣ ਬਹੁਤ ਜ਼ਿਆਦਾ ਹੀ, ਕੁਝ ਲੋਕਾਂ ਦੇ ਨਹੁੰ ਵਧ ਗਏ,

ਹਰ ਬਿਰਖ਼ ਦੀ ਕੰਬਦੀ ਹੈ, ਉਸ ਨਾਲ ਹੀ ਪਰਛਾਈ।

ਮੈਂ ਵੀ ਤਾਂ ਇਕੱਲਾ ਹਾਂ, ਇਸ ਨਾਲ ਵੀ ਕੋਈ ਨਹੀਂ,

ਜੇਕਰ ਮੈਂ ਵਿਛੜ ਗਿਆ, ਕੀਹ ਆਖੇਗੀ ਤਨਹਾਈ।

‘ਅਜਮੇਰ' ਸੁਰਾਹੀ ਹੈ, ਨਾ ਜਾਮ ਕਰੀਬ ਤਿਰੇ,

ਪਰ ਚੀਜ਼ ਕੁਈ ਜਾਪੇ, ਸ਼ੀਸ਼ੇ ਸੰਗ ਟਕਰਾਈ।

📝 ਸੋਧ ਲਈ ਭੇਜੋ