ਸੁਣੋ ਉਹ ਕਲਮਾਂ ਵਾਲਿਓ

ਸੁਣੋ ਉਹ ਕਲਮਾਂ ਵਾਲਿਓ 

ਫਿਰ ਧੁਖ਼ਣ ਲੱਗਾ ਪੰਜਾਬ

ਮਸਾਂ ਹੀ ਖਿੜਨ ਤੇ ਆਇਆ ਸੀ

ਮੇਰਾ ਮੁੜ ਲਾਇਆ ਗੁਲਾਬ

ਸੂਹੇ ਦਰਾਂ ਨੂੰ ਤੱਕਿਆ 

ਉਜੜੇ ਘਰਾਂ ਨੂੰ ਦੇਖਿਆ

ਲਹੂ ਲੁਹਾਣ ਤੜਕਸਾਰ ਵਿਚ 

ਪਲਕਾਂ ਚ ਡੁੱਬਾ ਖ਼ਾਬ 

ਲੱਖ ਜ਼ਖ਼ਮੀ ਹਨ੍ਹੇਰੇ ਸਨ 

ਕੁਝ ਤੇਰੇ ਸਨ ਕੁਝ ਮੇਰੇ ਸਨ

ਕਚਹਿਰੀ ਦੇ ਸੁੱਕੇ ਰੁੱਖ ਹੇਠ 

ਟੁੱਕ ਝੋਲੇ ਚ ਗੁਆਚਿਆ ਰਾਗ

ਮਰੀ ਰਾਤਾਂ ਕੋਲ ਉਡੀਕ ਸੀ

ਹਰ ਸ਼ਾਮ ਦਿਨ ਵਿੱਚ ਚੀਕ ਸੀ

ਹਰ ਦਰ ਅੱਗੇ ਡਰ ਲੀਕ ਸੀ

ਸਮਾਂ ਝੱਲ ਨਾ ਸਕਿਆ ਤਾਬ

ਖੁਰੇ ਸੰਧੂਰ ਤੇ ਟੋਟੇ ਵੰਗ ਸੀ

ਹਰ ਵਿਹੜਾ ਹੋਇਆ ਬੇਰੰਗ ਸੀ

ਦੱਸੀਂ ਕਿੱਥੇ ਨਹੀਂ ਬਣੀਆਂ ਰੂਹਾਂ 

ਬਲਦੀਆਂ ਲਾਟਾਂ ਵਿਚ ਕਬਾਬ

ਘਾਹ ਸੀ ਉੱਗਿਆ ਚੁੱਲ੍ਹਿਆਂ  

ਰੁੱਤ ਤਪੀ ਹਵਾਵਾਂ ਬੁੱਲਿਆਂ 

ਹਰ ਮੋੜ ਤੇ ਖੜੀ ਮੌਤ ਸੀ

ਮਰੀਆਂ ਰੌਣਕਾਂ ਘਰੀਂ ਵੈਰਾਗ 

ਵਿਆਹ ਸੁਹਾਗ ਘੋੜੀਆਂ 

ਤਬਾਹ ਭਾਬੀ ਵੀਰਾਂ ਜੋੜੀਆਂ 

ਫੁੱਲਕਾਰੀਆਂ ਤੋਂ ਫੁੱਲ ਝਾੜ ਗਏ

ਫਿਰਦੇ ਖ਼ਾਕੀ ਪਹਿਰ ਨਵਾਬ 

ਹਰ ਸੱਧਰਾਂ ਰੋੜੀ ਨਦੀ ਸੀ

ਜਾਂ ਕਰਬਲਾ ਥਾਂ ਥਾਂ ਖੜੀ ਸੀ

ਪੱਤ ਰੋਲਣ ਵਾਲੇ ਕੌਣ ਸਨ 

ਰੱਖੀ ਨਾ ਕਿਸੇ ਵੀ ਲਾਜ

ਬੁੱਢੀਆਂ ਸੋਟੀਆਂ ਦੇ ਸਹਾਰੇ ਸਨ

ਮੁਕਾਬਲਿਆਂ ਵਿੱਚ ਬੁਝਦੇ ਤਾਰੇ ਸਨ

ਸੁੱਕੇ ਭੈਣਾਂ ਦੇ ਹੰਝੂ ਖਾਰੇ ਸਨ

ਰੋਈ ਸੀ ਹਰ ਕਿਤਾਬ 

ਹਰ ਸ਼ਾਮ ਚਿਖ਼ਾਵਾਂ ਚਿਣਦੀ ਸੀ

ਲਹੂ ਲੱਥ ਪੱਥ ਲਾਸ਼ਾਂ ਗਿਣਦੀ ਸੀ

ਪੌਣ ਡੂੰਘੇ ਵੈਣਾਂ ਨੂੰ ਮਿਣਦੀ ਸੀ

ਅਜੇ ਜ਼ਖ਼ਮਾਂ ਦੇ ਅੰਬਰੀਂ ਦਾਗ

ਨਹੁੰ ਖਿੱਚੇ ਅੱਖੀਂ ਸਲਾਖਾਂ ਸਨ

ਬੇਕਸੂਰ ਟੰਗੀਆਂ ਲੱਖ ਆਸਾਂ ਸਨ

ਮਾਂਵਾਂ ਭੈਣਾਂ ਦੀਆਂ ਰੀਝਾਂ ਸਾਹਵੇਂ

ਉਜਾੜੇ ਕਈ ਖਿੜਦੇ ਬਾਗ

ਹੁਣ ਫਿਰ ਹਵਾਵਾਂ ਤੁਰੀਆਂ

ਅੱਗਾਂ ਦੁੱਧ ਛੰਨਿਆਂ ਵਿਚ ਖੁਰੀਆਂ

ਨੰਗੀਆਂ ਤਲਵਾਰਾਂ ਖ਼ੰਜਰਾਂ ਤੋਂ ਬਚਾ ਲਓ

ਜੇ ਬਚਦੀ ਗਾਉਂਦੀ ਰਬਾਬ

📝 ਸੋਧ ਲਈ ਭੇਜੋ