ਸੁਣੋ ਯਾਰੋ ਅਸਾਂ ਦੇ ਨਾਲ ਕੀ ਜ਼ੋਰਾਵਰੀ ਹੋਈ।
ਅਸਾਂ ਨੂੰ ਜ਼ਿੰਦਗੀ ਬਖ਼ਸ਼ੀ ਗਈ ਐਪਰ ਮਰੀ ਹੋਈ।
ਇਹ ਭੈੜੀ ਜ਼ਿੰਦਗੀ ਸ਼ਾਇਦ ਮੇਰੇ ਮਹਿਬੂਬ ਵਰਗੀ ਹੈ,
ਮੈਂ ਜਿੰਨਾ ਜਾਣਿਆ ਇਸ ਨੂੰ ਇਹ ਓਨੀ ਓਪਰੀ ਹੋਈ।
ਸਮੇਂ ਦੇ ਬੋਲ ਤਾਂ ਸੂਹੇ ਅੰਗਾਰਾਂ ਵਾਂਗ ਨਿੱਘੇ ਨੇ,
ਮਗਰ ਗਲਵਕੜੀ ਚਿੱਟੇ ਲਹੂ ਵਾਂਗਰ ਠਰੀ ਹੋਈ।
ਕਹਾਂ ਕੀਕਰ ਉਦ੍ਹੇ ਚਿਹਰੇ ਤੇ ਬਿਖਰੀ ਜ਼ੁਲਫ਼ ਦੀ ਮਸਤੀ,
ਜਿਵੇਂ ਨਾਗਣ ਕੋਈ, ਜੋਗੀ ਕਿਸੇ ਦੀ ਮੰਤਰੀ ਹੋਈ ।
ਮੇਰੀ ਹਰ ਬਾਤ ਨੂੰ ਚੁੱਪ ਹੋਣ ਦਾ ਆਦੇਸ਼ ਦੇ ਦੇਨੈਂ,
ਮੁਹੱਬਤ ਕਾਸਦੀ ਹੋਈ ਸਰਾਸਰ ਚਾਕਰੀ ਹੋਈ।
ਬੜੀ ਮਨਹੂਸ ਨਿਕਲੀ ਅੱਜ ਦੇ ਅਖ਼ਬਾਰ ਦੀ ਸੁਰਖ਼ੀ,
ਕਿ ਮੇਰੇ ਸ਼ਹਿਰ ਦੀ ਹਰ ਸੜਕ, ਹੈ ਸਹਿਮੀ ਡਰੀ ਹੋਈ।
ਤੇਰੀ ਖੁਸ਼ਕਿਸਮਤੀ ‘ਕੇਸ਼ੀ' ਕਿ ਫ਼ਰਮਾਇਆ ਰਕੀਬਾਂ ਨੇ,
ਕਿ ਅੱਜ ਕਲ੍ਹ ਸ਼ਾਇਰੀ ਤੇਰੀ ਨਿਰੀ ਜਾਦੂਗਰੀ ਹੋਈ ।