ਸੁਣਿਆ ਸੀ

ਪਿਆਰ ਕਮਜ਼ੋਰ ਕਰ ਦਿੰਦਾ 

ਮੈਨੂੰ ਤਾਂ ਮਜ਼ਬੂਤ ਕਰ ਗਿਆ 

ਕਈ ਕੁਛ ਸਿਖਾ ਗਿਆ 

ਵਫਾ, 

ਬੇਵਫਾਈ, 

ਧੋਖਾ, 

ਚੁੱਪ 

ਬੇਰਹਿਮੀ ਤੇ ਬਦਨਾਮੀ 

ਤੇਰੇ ਪਿਆਰ ਦੇ ਤੋਹਫ਼ੇ

ਸਭ ਕਬੂਲ ਨੇ 

ਸਿਖਾ ਦਿੱਤਾ ਤੂੰ 

ਅਪਣੇ ਆਪ ਨਾਲ ਜੀਣਾ 

ਆਪਣੇ ਲਈ ਜੀਣਾ 

ਸਬਕ 

ਜੋ ਮਾਂ ਨਾ ਦੇ ਸਕੀ 

ਇਲਮ 

ਜੋ ਪਿਓ ਨੇ ਨਾ ਦਿੱਤਾ 

ਝਿੜਕ 

ਜੋ ਭਰਾ ਨੇ ਨਾ ਮਾਰੀ

ਸੱਟ  

ਜੋ ਖ਼ੁਦਾ ਨੇ ਨਾ ਲਾਈ 

ਤੂੰ ਸਭ ਕੁਝ ਦੇ ਗਿਆ

ਸਭ ਸਿਖਾ ਗਿਆ। 

ਬਹੁਤ ਯਕੀਨ ਸੀ ਤੇਰੇ ਤੇ

ਰੱਬ ਮੰਨਿਆ ਸੀ ਤੈਨੂੰ 

ਸਮਝਾ ਦਿੱਤਾ ਤੂੰ ਮੈਨੂੰ 

ਪਿਆਰ ਵਿੱਚ ਵੀ 

ਮਰਦ 

ਰੱਬ ਜਿਹਾ ਨਹੀਂ ਬਣਦਾ 

ਹਵਸ ਤੇ ਲਾਲਚ ਵਿੱਚ ਭਟਕਿਆ

ਹੈਵਾਨ  ਹੀ ਰਹਿੰਦਾ ਹੈ। 

ਤੇਰਾ ਪਿਆਰ 

ਮੈਨੂੰ ਇਨਸਾਨ ਬਣਾ ਗਿਆ। 

📝 ਸੋਧ ਲਈ ਭੇਜੋ