ਦੂਰ ਵਸਦੀ ਸੁਪਨ-ਨਗਰੀ ਦੀ ਪਈ ਸੀ ਝਲਕ
ਇਕ ਰੂਪ ਰਾਣੀ ਸ਼ਾਹ ਪਰੀ ਕੋਈ
ਜ਼ਿੰਦਗੀ ਦੀ ਬਾਦਸ਼ਾਹੀ
ਸਾਗਰਾਂ ਦੀ ਝੱਗ ਵਲ ਨੂੰ ਜਾਦੂ ਬਾਰੀ ਖੋਲ੍ਹ ਬੈਠੀ
ਸਵਰਣ ਮਹਿਲਾਂ ਵਿਚ ਮੇਰਾ ਕਰ ਰਹੀ ਸੀ ਇੰਤਜ਼ਾਰ।
ਆਪਣੀ ਕੱਖਾਂ ਦੀ ਕੁੱਲੀ-
ਕੱਲਾ ਕੱਲਾ ਕੱਖ ਚੁਕ ਕੇ ਜੋੜਿਆ ਸੀ
-ਆਪਣੀ ਕੱਖਾਂ ਦੀ ਕੁੱਲੀ
ਵਿਹੁ ਦਖਾਲੀ ਦੇਣ ਲੱਗੀ
ਆਪਣੀ ਕੱਖਾਂ ਦੀ ਕੁੱਲੀ
ਅੰਤ ਮੈਂ ਦਿੱਤੀ ਤਿਆਗ।
ਦੂਰ ਵਸਦੀ ਸੁਪਨ-ਨਗਰੀ
ਰੱਚ ਗਈ ਸੀ ਰੋਮ ਰੋਮ ।
ਦੂਰ ਵਸਦੀ ਸੁਪਨ-ਨਗਰੀ
ਭੂਤ ਬਣ ਕੇ ਚੰਬੜੀ।
ਸ਼ੂਕਦੇ ਸੱਪਾਂ ਦੀਆਂ
ਸਿਰੀਆਂ ਨੂੰ ਮਿਧ ਮਿਧ ਲੰਘਿਆ
ਕਿੰਨੀਆਂ ਹੀ ਕਾਲੀਆਂ ਰਾਤਾਂ ਦੇ ਮੈਂ ਚੀਰੇ ਪਹਾੜ
ਕਿੰਨੀਆਂ ਹੀ ਦੁੱਧ-ਨਦੀਆਂ ਪੌਹ-ਫੁੱਟੀਆਂ।
ਘੁਪ ਹਨੇਰੇ ਝੱਖੜਾਂ ਵਿਚ
ਆਸ ਦਾ ਇਕ ਟਿਮਟਿਮਾਂਦਾ ਦੀਪ ਲੈ ਕੇ
ਕਿੰਨੀਆਂ ਹੀ ਔਖੀਆਂ ਰਾਹਾਂ ਨੂੰ ਰੁਸ਼ਨਾਂਦਾ ਗਿਆ।
ਅੰਤ ਸੰਘਣੇ ਤੇ ਹਨੇਰੇ
ਜੰਗਲਾਂ ਵਿਚ ਪਹੁੰਚਦਿਆ ਹਾਂ ਹਾਰਿਆ ਹੁਟਿਆ ਹੋਇਆ।
ਚਾਰ ਵਰ੍ਹਿਆ ਦਾ ਥਕੇਵਾਂ
ਅੱਜ ਹੱਡੀਂ ਰੜਕਦਾ ਏ
ਜਾਦੂ-ਬਾਰੀ ਸਵਰਣ-ਮਹਿਲਾਂ ਦੀ ਕਿਤੇ ਦਿੱਸਦੀ ਨਹੀਂ।
ਹੌਲੀ ਹੌਲੀ
ਹੁੰਦੀ ਹੁੰਦੀ
ਸੁਪਨ-ਨਗਰੀ ਹੋ ਗਈ ਕਿਧਰੇ ਅਲੋਪ।
ਹੋਰ ਮੰਜ਼ਲ ਯਾ ਟਿਕਾਣੇ ਦੀ ਰਹੀ ਕੋਈ ਚਾਹ ਨਹੀਂ,
ਆਪਣੀ ਕੱਖਾਂ ਦੀ ਕੁੱਲੀ ਢੂੰਡ ਸੱਕਾਂ ਵਾਹ ਨਹੀਂ
ਆਪਣੀ ਕੱਖਾਂ ਦੀ ਕੁੱਲੀ ਵੱਲ ਕੋਈ ਰਾਹ ਨਹੀਂ।
ਅੰਤ ਸੰਘਣੇ ਤੇ ਹਨ੍ਹੇਰੇ ਜੰਗਲਾਂ ਵਿਚ ਭਟਕਦਾ ਹਾਂ।
ਜ਼ਿੰਦਗੀ ਮੇਰੀ ਪਤਾ ਨਹੀਂ ਕਿਸ ਬਲਾ ਦਾ ਕਰਜ਼ ਹੈ।