ਜੰਗ ਦੇ ਦੂਜੇ ਹਫ਼ਤੇ
ਸ਼ਾਇਦ ਚੌਥਾ ਦਿਨ ਸੀ
ਜਾਂ ਸ਼ਾਇਦ ਇਹ ਪੰਜਵਾਂ ਦਿਨ ਸੀ
ਸਾਡੇ ਵੈਰੀ ਅੱਚਨਚੇਤੇ
ਤੋਪਾਂ ਤੀਕਣ ਚੜ੍ਹ ਆਏ ਸਨ
ਫੇਰ ਅਸਾਂ ਉਹ ਵਾਛੜ ਪਾਈ
ਕੁਝ ਤਾਂ ਓਸੇ ਥਾਵੇਂ ਡੁੱਲ੍ਹ ਗਏ
ਬਾਕੀ ਲਹਿੰਦੇ ਪਾਣੀ ਰੁੜ੍ਹ ਗਏ
ਧੂੰਆਂ ਲੱਥਾ 'ਵਾ ਸੀ ਨਿੱਤਰੀ ਨਿੱਤਰੀ ਨਿੱਘੀ
ਧਰਤੀ ਉਪਰ ਟੁੱਟੀਆਂ ਕਚਰਾ ਹੋਈਆਂ ਦੇਹੀਆਂ
ਕਿਸੇ ਕਬਾੜੀ ਦਾ ਕੂੜਾ ਜਿਉਂ ਉੱਘੜ ਦੁੱਘੜ
ਅਸਾਂ ਸੋਚਿਆ ਇਕ ਘੰਟੇ ਤਕ ਅਮਨ ਚੈਨ ਹੈ
ਉਸ ਦਿਨ ਅਪਣੀ ਖੰਦਕ ਦੇ ਵਿਚ
ਬੈਠੇ ਬੈਠੇ ਊਂਘ ਆ ਗਈ
ਸਾਡੇ ਘਰ ਦੇ ਧੁਰ ਕੋਠੇ 'ਤੇ
ਦੂਰ ਦੂਰ ਤਕ ਵਿਛਿਆ ਰੇਗਿਸਤਾਨ ਪਿਆਸਾ
ਕਿਧਰੇ ਕੋਈ ਜਨੌਰ ਨ ਬੰਦਾ
ਬਿਰਛ ਨ ਬੂਟਾ
ਨਾ ਪਾਣੀ ਦੀ ਬੂੰਦ ਹੀ ਕਿਧਰੇ ਨਜ਼ਰੀਂ ਆਏ
ਗੰਜੇ ਰੇਗਿਸਤਾਨ ਦੇ ਸਿਰ 'ਤੇ ਚੰਨ ਨ ਸੂਰਜ
ਏਥੇ ਜੇ ਕੋਈ ਆ ਆਏ
ਅਪਣੇ ਤਕ ਵੀ ਪਹੁੰਚ ਨ ਪਾਏ
ਦੂਰ ਝਾਵਲਾ ਨਜ਼ਰੀਂ ਆਇਆ
ਕਦੀ ਇਹ ਜਾਪੇ ਘੋਨ ਮੋਨ ਰੁੱਖ ਰੁੰਡ ਮਰੁੰਡਾ
ਕਦੀ ਕੋਈ ਸਿਰਨੰਗੀ ਲੰਮੀ ਲੰਮੀ ਗੋਰੀ
ਬਿਨ ਪਰਨਾਇਆ ਹੀ ਮੈਂ ਜਿਸ ਨੂੰ
ਰੇਗਿਸਤਾਨ 'ਚ ਛਡ ਆਇਆ ਹਾਂ
ਇਸ ਦੇ ਵਲ ਮੈਂ ਵਧਣ ਜਾਂ ਲੱਗਾ
ਦੂਰੋਂ ਆਈ 'ਵਾਜ
ਕਿ ਮੁੰਡਿਆ ਵਾਪਸ ਮੁੜ ਜਾ
ਤੇਰਾ ਮੇਰਾ ਸਾਥ ਅਜੇ ਨਾ
ਹੁਣੇ ਖੜਾ ਸੈਂ ਤੂੰ ਬੂਹੇ 'ਤੇ
ਵੈਰੀ ਗਲੀ ਦੀ ਨੁੱਕਰ 'ਤੇ ਸੀ
ਹੁਣੇ ਤੂੰ ਕੋਠੇ 'ਤੇ ਚੜ੍ਹ ਆਇਐਂ
ਰੇਗਿਸਤਾਨ 'ਚ ਗੁੰਮ ਜਾਇੰਗਾ...
ਫੇਰ ਅਚਾਨਕ ਅੱਖ ਖੁੱਲ੍ਹ ਗਈ
ਵੈਰੀ ਸਿਰ 'ਤੇ ਫੇਰ ਖੜਾ ਸੀ
ਫੇਰ ਅਸਾਂ ਉਹ ਵਾਛੜ ਪਾਈ
ਕੁਝ ਤਾਂ ਓਸੇ ਥਾਵੇਂ ਡੁਲ੍ਹ ਗਏ
ਬਾਕੀ ਲਹਿੰਦੇ ਪਾਣੀ ਰੁੜ੍ਹ ਗਏ