ਸੁਪਨੇ ਦਾ ਭਰਮ

ਮੈਂ ਕਿਸੇ

ਵਿਸ਼ਾਲ ਰੇਗਿਸਤਾਨ ਵਿੱਚ

ਭਟਕਿਆ ਹੋਇਆ ਮੁਸਾਫ਼ਿਰ ਸਾਂ

ਮੇਰੇ ਚਾਰੇ ਪਾਸੇ

ਰੇਤਲੇ ਵਾਵਰੋਲੇ ਸਨ

ਤਲਖ਼ ਹਵਾਵਾਂ ਸਨ

ਮੇਰੇ ਪਿਆਸੇ ਹੋਠਾਂ ਤੇ

ਤਪਦੀ ਰੇਤ ਤੋਂ ਸਿਵਾਅ

ਕੁਝ ਨਹੀਂ ਸੀ

ਹਾਲੋ ਬੇਹਾਲ ਮੈਂ

ਪਾਣੀ ਦੀ ਇੱਕ ਬੂੰਦ ਲਈ

ਮਾਰਿਆ ਮਾਰਿਆ ਫਿਰਦਾ ਸਾਂ

 

ਅਚਨਚੇਤ

ਮੇਰੇ ਬੁਝੇ ਨੈਣਾਂ ਵਿੱਚ

ਰੌਸ਼ਨੀ ਚਮਕੀ

ਰੇਤ ਵਿੱਚ ਦੂਰ ਕਿਤੇ

ਚਾਨਣ ਦੀ ਲੀਕ

ਮੇਰੇ ਨੈਣਾਂ ’ਚ ਇੱਕ ਸੁਪਨਾ ਧਰ ਗਈ

ਪਾਣੀ ਦੀ ਲਿਸ਼ਕੋਰ

ਇੱਕ ਪਲ ਲਈ

ਮੇਰੇ ਨੈਣਾਂ ਨੂੰ

ਚਾਨਣ ਚਾਨਣ ਕਰ ਗਈ

 

ਮੈਂ

ਥੱਕੇ ਟੁੱਟੇ ਕਦਮਾਂ ਵਿੱਚ

ਜੀਵਨ ਦੀ ਆਸ ਭਰਕੇ

ਆਪਣੇ ਤ੍ਰੇੜੇ

ਪੇਪੜੀਆਂ ਜੰਮੇ ਹੋਠਾਂ ਵਿੱਚ

ਜੁੱਗਾਂ ਜਿੱਡੀ ਪਿਆਸ ਭਰ ਕੇ

ਆਪਣੇ ਬੁਝੇ ਨੈਣਾਂ ਵਿੱਚ

ਪਾਣੀ ਦਾ ਸੁਪਨਾ ਧਰ ਕੇ

ਡਿੱਗਦਾ ਢਹਿੰਦਾ

ਹਾਲੋ ਬੇਹਾਲ ਦੌੜਿਆ

ਦੂਰ ਜਿੱਥੇ ਰੇਤ ਵਿੱਚ

ਪਾਣੀ ਦਾ ਕਲ ਕਲ ਵਗਦਾ ਚਸ਼ਮਾ

ਨਿਰੰਤਰ ਵਗ ਰਿਹਾ ਸੀ

ਜਿਹੜਾ ਮੇਰੇ ਰੁੱਖੇ ਨੈਣਾਂ ਵਿੱਚ

ਨਵਾਂ ਜੀਵਨ

ਬਣ ਕੇ ਜਗ ਰਿਹਾ ਸੀ

 

ਮੈਂ ਹਾਲੋ ਬੇਹਾਲ ਦੌੜਿਆ

ਡਿਗਦਾ ਢਹਿੰਦਾ

 

ਪਰ ਹਰ ਵਾਰ

ਉਹ ਚਸ਼ਮਾ

ਮੇਰੇ ਤੋਂ ਹੋਰ ਕੋਹਾਂ

ਦੂਰ ਚਲਾ ਜਾਂਦਾ

ਮਾਰਿਆ ਮਾਰਿਆ

ਉਸਦੇ ਪਿੱਛੇ

ਮੈਂ ਕਿਥੋਂ ਤੀਕ

ਭਲਾ ਜਾਂਦਾ

 

ਅਚਨਚੇਤ

ਮੇਰੇ ਕੋਲ

ਪੌਣ ਦਾ ਇੱਕ

ਬੁੱਲਾ ਜਿਹਾ ਆਇਆ

ਉਸਨੇ ਸਮਝਾਇਆ-

 

ਹੇ ਮੂਰਖ !

ਏਹ ਤੂੰ

ਜਿਸਦੇ ਪਿੱਛੇ ਭੱਜ ਰਿਹਾ ਹੈਂ

ਚਸ਼ਮਾ ਨਹੀਂ ਹੈ

ਇਹ ਹੈ ਸਿਰਫ਼ ਮਾਇਆ

ਪਾਣੀ ਨਹੀਂ ਹੈ

ਇਹ ਸਿਰਫ਼ ਹੈ

ਪਾਣੀ ਦੀ ਛਾਇਆ.....

 

ਇਹ ਸੁਪਨਾ

ਜੋ ਤੇਰੀ ਅੱਖ ਨੂੰ ਨਜ਼ਰ ਆਇਆ

ਇਹ ਤੇਰੇ ਆਪਣੇ ਮਨ ਦੀ

ਪਰਛਾਈ ਹੈ

ਤੇਰੀ ਪਿਆਸ ਹੈ

ਤੇਰੇ ਮਨ ਦੀ ਉਂਗਲ ਫੜ

ਜੋ ਇਥੋਂ ਤੀਕ

ਤੈਨੂੰ ਆਪਣੇ ਨਾਲ ਨਾਲ

ਲੈ ਆਈ ਹੈ....

 

ਰੇਤ ਵਿੱਚ ਧਸਿਆ

ਮੈਂ ਫਿਰ ਆਪਣੀ

ਔਕਾਤ ਪਛਾਣਦਾ ਹਾਂ

ਆਪਣੇ ਹੋਠਾਂ ਦੀ

ਪਿਆਸ ਪਛਾਣਦਾ ਹਾਂ

ਮੈਂ ਰੇਗਿਸਤਾਨ ’ਚ

ਭਟਕਿਆ ਹੋਇਆ ਰਾਹੀ ਹਾਂ

ਸਿਰਫ਼

ਰੇਤਲੇ ਵਾਵਰੋਲੇ

ਤਲਖ਼ ਧੁੱਪਾਂ ਹੀ

ਮੇਰੀ ਹੋਣੀ ਹੈ

 

ਮੈਂ ਆਪਣੀ ਪਿਆਸ ਦੀ

ਔਕਾਤ ਪਛਾਣਦਾ ਹਾਂ....।

📝 ਸੋਧ ਲਈ ਭੇਜੋ