ਸਿਖ਼ਰ ਦੁਪਹਿਰੇ
ਡਾਕੇ ਵੱਜੇ
ਖੌਰੂ ਪਾਇਆ ਉਹਨਾਂ
ਗਲ਼ੀਆਂ ਦੇ ਵਿੱਚ ਦਿਓ ਫਿਰਦੇ ਨੇ
ਆਪਾਂ ਵੜ ਗਏ ਅੰਦਰੇ ।
ਚੁੱਪ ਚੁਪੀਤੇ
ਦੁੱਖੜੇ ਰੋਏ
ਮੂੰਹੋਂ ਉਫ਼ ਨਾ ਨਿਕਲੀ
ਖ਼ੁਦ ਦੀ ਜਾਨ ਬਚਾਵਣ ਖ਼ਾਤਰ
ਮੂੰਹ ਨੂੰ ਲਾ ਲਏ ਜੰਦਰੇ ।
ਸਬਕ ਪੜ੍ਹੇ ਸਨ
ਹਿੰਮਤ ਵਾਲੇ
ਭੀੜ ਪਈ ਤੇ ਭੁੱਲੇ
ਇਮਤਿਹਾਨ ਦਾ ਵੇਲਾ ਆਇਆ
ਲੁਕ ਗਏ ਕਿਹੜੀ ਕੰਦਰੇ ।
ਚੀਜ਼ਾਂ ਵਸਤਾਂ
ਦੇ ਨਾਲ ਪਰਚੇ
ਮਨ ਖਾਲੀ, ਘਰ ਭਰਿਆ
ਅੱਖਾਂ ਵਿਚੋਂ ਨੀਂਦਰ ਮਰ ਗਈ
ਸੁਪਨੇ ਰੁੱਸ ਗਏ ਚੰਦਰੇ ।
ਆਪਣੇ ਕੋਲ
ਇੱਕ ਚਾਅ ਸੀ ਜੀਉਣ ਦਾ
ਉਹ ਵੀ ਅਸੀਂ ਗੁਆ ਬੈਠੇ ਹਾਂ
ਲਾਸ਼ਾਂ ਤੁਰੀਆਂ ਫਿਰਦੀਆਂ ਨੇ
ਜਿਸਮ ਤਾਬੂਤ ਦੇ ਅੰਦਰੇ ।